ਜਾਅਲੀ ਪਾਵਰ ਆਫ਼ ਅਟਾਰਨੀ ਬਣਾ ਕੇ ਕਰੋੜਾਂ ਦੀ ਜ਼ਮੀਨ ਖਰੀਦਣ ਦੇ ਮਾਮਲੇ ’ਚ 3 ''ਤੇ ਮਾਮਲਾ ਦਰਜ
Friday, Oct 02, 2026 - 04:51 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਜਾਅਲੀ ਪਾਵਰ ਆਫ਼ ਅਟਾਰਨੀ ਬਣਾ ਕੇ ਕਰੋੜਾਂ ਰੁਪਏ ਦੀ ਜ਼ਮੀਨ ਖਰੀਦਣ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਦੀ ਪਹਿਚਾਣ ਮਹਿੰਦਰਪਾਲ ਸਿੰਘ ਵਾਸੀ ਖੰਨਾ, ਇਕਬਾਲ ਸਿੰਘ ਵਾਸੀ ਮਾਛੀਵਾੜਾ ਅਤੇ ਕਰਨੈਲ ਸਿੰਘ ਲੰਬੜਦਾਰ ਵਾਸੀ ਉਧੋਵਾਲ ਵਜੋਂ ਹੋਈ ਹੈ। ਪੁਲਸ ਜ਼ਿਲਾ ਖੰਨਾ ਦੇ ਉੱਚ ਅਧਿਕਾਰੀ ਆਸ਼ੂ ਗੁਲਾਟੀ ਪੁੱਤਰੀ ਸਵ. ਜਨਕ ਰਾਜ ਹਾਂਡਾ ਵਾਸੀ ਜ਼ੀਰਕਪੁਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਮਾਤਾ ਸਰੋਜ ਹਾਂਡਾ ਦੀ 53 ਕਨਾਲ ਜ਼ਮੀਨ ਜਿਸ ਦੀ ਕੀਮਤ ਕਰੋੜਾਂ ਰੁਪਏ ਬਣਦੀ ਹੈ, ਉਹ ਪਿੰਡ ਉਧੋਵਾਲ ਵਿਖੇ ਸਥਿਤ ਹੈ। ਇਹ ਜ਼ਮੀਨ ਉਸਦੀ ਮਾਤਾ ਨੇ 1981 ਵਿਚ ਖਰੀਦੀ ਸੀ ਅਤੇ ਮਾਲ ਵਿਭਾਗ ਦੇ ਪੁਰਾਣੇ ਰਿਕਾਰਡ ਵਿਚ ਉਨ੍ਹਾਂ ਦੇ ਨਾਮ ’ਤੇ ਦਰਜ ਹੈ। ਸ਼ਿਕਾਇਕਰਤਾ ਅਨੁਸਾਰ ਮਾਲ ਵਿਭਾਗ ਦੀ 2001 ਦੀ ਜਮ੍ਹਾਂਬੰਦੀ ਦੌਰਾਨ ਮਾਲਕ ਦਾ ਨਾਮ ਗਲਤ ਦਰਜ ਕਰ ਦਿੱਤਾ ਗਿਆ ਜਿਸ ਵਿਚ ਸਰੋਜ ਹਾਂਡਾ ਪਤਨੀ ਜਨਕ ਰਾਜ ਤੋਂ ਸਰੋਜ ਰਾਣੀ ਪਤਨੀ ਜਨਕ ਹਾਂਡਾ ਦਰਜ ਹੋ ਗਿਆ। ਇਸ ਗਲਤ ਐਂਟਰੀ ਦਾ ਫਾਇਦਾ ਲੈਂਦਿਆਂ ਜਾਅਲਸਾਜ਼ੀ ਨਾਲ ਇਕ ਪਾਵਰ ਆਫ਼ ਅਟਾਰਨੀ ਕੈਨੇਡਾ ਦੇ ਮਹਿੰਦਰਪਾਲ ਵਾਸੀ ਖੰਨਾ ਦੇ ਨਾਮ ’ਤੇ ਤਿਆਰ ਕਰਵਾਈ ਗਈ। ਸ਼ਿਕਾਇਤਕਰਤਾ ਅਨੁਸਾਰ ਇਹ ਜਾਅਲਸਾਜ਼ੀ ਨਾਲ ਤਿਆਰ ਕੀਤੀ ਪਾਵਰ ਆਫ਼ ਅਟਾਰਨੀ ਦੇ ਅਧਾਰ ’ਤੇ ਮਹਿੰਦਰ ਸਿੰਘ ਨੇ ਇਹ ਜ਼ਮੀਨ ਇਕਬਾਲ ਸਿੰਘ ਵਾਸੀ ਮਾਛੀਵਾੜਾ ਨੂੰ ਵੇਚ ਦਿੱਤੀ।
ਇਸ ਜਾਅਲੀ ਪਾਵਰ ਆਫ਼ ਅਟਾਰਨੀ ਵਿਚ ਸਰੋਜ ਰਾਣੀ ਦਾ ਜਿਉਂਦਾ ਹੋਣ ਦਾ ਇਕ ਸਰਟੀਫਿਕੇਟ ਵੀ 7-4-2021 ਨੂੰ ਜਾਰੀ ਕੀਤਾ ਗਿਆ ਜਦਕਿ ਜ਼ਮੀਨ ਦੀ ਅਸਲ ਮਾਲਕ ਸਰੋਜ ਹਾਂਡਾ ਦੀ 8-6-2018 ਨੂੰ ਅਮਰੀਕਾ ਵਿਚ ਮੌਤ ਹੋ ਚੁੱਕੀ ਹੈ। ਸ਼ਿਕਾਇਤਕਰਤਾ ਅਨੁਸਾਰ ਮਹਿੰਦਰਪਾਲ ਸਿੰਘ ਤੇ ਇਕਬਾਲ ਸਿੰਘ ਵਲੋਂ ਮਿਲੀਭੁਗਤ ਕਰਕੇ ਜ਼ਮੀਨ ਹੜੱਪਣ ਦੀ ਨੀਅਤ ਨਾਲ ਮਾਲ ਵਿਭਾਗ ਵਿਚ ਗਲਤ ਐਂਟਰੀਆਂ ਦਾ ਲਾਭ ਲੈ ਕੇ ਫ਼ਰਜ਼ੀ ਪਾਵਰ ਆਫ਼ ਅਟਾਰਨੀ ਤਿਆਰ ਕੀਤੀ ਅਤੇ ਕਰੋੜਾਂ ਰੁਪਏ ਦੀ ਜ਼ਮੀਨ ਆਪਣੇ ਨਾਮ ਕਰ ਲਈ। ਪੁਲਸ ਉੱਚ ਅਧਿਕਾਰੀਆਂ ਵਲੋਂ ਦੋਵੇਂ ਧਿਰਾਂ ਦੇ ਦਸਤਾਵੇਜਾਂ ਦੀ ਜਾਂਚ ਕੀਤੀ ਗਈ ਜਿਸ ਵਿਚ ਜਾਅਲੀ ਪਾਵਰ ਆਫ਼ ਅਟਾਰਨੀ ਲੈਣ ਵਾਲੇ ਮਹਿੰਦਰ ਸਿੰਘ, ਜ਼ਮੀਨ ਖਰੀਦਣ ਵਾਲੇ ਇਕਬਾਲ ਸਿੰਘ ਅਤੇ ਰਜਿਸਟਰੀ ’ਤੇ ਗਵਾਹਾਂ ਦੀ ਤਸਦੀਕ ਕਰਨ ਵਾਲੇ ਨੰਬਰਦਾਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜ਼ਮੀਨ ਦੇ ਅਸਲ ਮਾਲਕ ਦੀ ਯੂ.ਐੱਸ.ਏ. ’ਚ ਮੌਤ ਅਤੇ ਜਾਅਲੀ ਮਾਲਕ ਕੈਨੇਡਾ ਦੀ ਦਿਖਾਈ ਗਈ
ਪਿੰਡ ਉਧੋਵਾਲ ਖੁਰਦ ਵਿਖੇ ਸਥਿਤ 53 ਕਨਾਲਾਂ ਜ਼ਮੀਨ ਦੀ ਅਸਲ ਮਾਲਕ ਸਰੋਜ ਹਾਂਡਾ ਦੀ ਧੀ ਵਲੋਂ ਦੱਸਣ ਅਨੁਸਾਰ ਉਹ ਯੂ.ਐੱਸ.ਏ. ਦੀ ਰਹਿਣ ਵਾਲੀ ਹੈ ਜਿਸ ਦੀ 2018 ਵਿਚ ਮੌਤ ਵੀ ਹੋ ਚੁੱਕੀ ਹੈ। ਪੁਲਸ ਵਲੋਂ ਪੇਸ਼ ਕੀਤੀ ਗਈ ਪਾਵਰ ਆਫ਼ ਅਟਾਰਨੀ ਵਿਚ ਜੋ ਦਿਖਾਇਆ ਗਿਆ ਹੈ ਉਸ ਵਿਚ ਸਰੋਜ ਰਾਣੀ ਏ.ਪੀ.ਟੀ. 1102, ਬਰੈਂਪਟਨ ਸ਼ਹਿਰ (ਕੈਨੇਡਾ) ਦੀ ਨਿਵਾਸੀ ਦਿਖਾਈ ਗਈ ਹੈ। ਹੋਰ ਤਾਂ ਹੋਰ ਇਹ ਜ਼ਮੀਨ ਵੇਚਣ ਵਾਲੇ ਅਤੇ ਖਰੀਦਣ ਵਾਲੇ ਦੋਵੇਂ ਹੀ ਜ਼ਮੀਨ ’ਤੇ ਕਾਬਜ ਨਹੀਂ ਬਲਕਿ ਇਸ ਜ਼ਮੀਨ ’ਤੇ ਪਿਛਲੇ ਕਈ ਸਾਲਾਂ ਤੋਂ ਮਾਛੀਵਾੜਾ ਦਾ ਕਿਸਾਨ ਖੇਤੀ ਕਰ ਰਿਹਾ ਹੈ। ਥਾਣਾ ਮੁਖੀ ਕਰਮਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ’ਚ ਹੋਰ ਵੀ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਰੋੜਾਂ ਰੁਪਏ ਜ਼ਮੀਨ ਹੜੱਪਣ ਦੀ ਜਾਅਲਸਾਜੀ ਵਿਚ ਹੋਰ ਕੌਣ-ਕੌਣ ਸ਼ਾਮਲ ਹਨ।
ਮਾਲ ਵਿਭਾਗ ਦੀ ਗਲਤੀ ਨਾਲ ਕਰੋੜਾਂ ਰੁਪਏ ਦੀ ਜ਼ਮੀਨ ਦਾ ਪਿਆ ਕਲੇਸ਼
ਮਾਲ ਵਿਭਾਗ ਦੀ ਇਕ ਗਲਤੀ ਨਾਲ ਪਿੰਡ ਉਧੋਵਾਲ ਖੁਰਦ ਦੀ ਕਰੋੜਾਂ ਰੁਪਏ ਵਾਲੀ ਜ਼ਮੀਨ ਦਾ ਕਲੇਸ਼ ਪੈ ਗਿਆ ਅਤੇ ਇਸ ਸਬੰਧੀ ਹੁਣ ਜ਼ਮੀਨ ਦੇ ਕਈ ਮਾਲਕ ਬਣ ਗਏ। ਮਾਲ ਵਿਭਾਗ ਦੇ ਪਹਿਲੇ ਰਿਕਾਰਡ ਅਨੁਸਾਰ ਜ਼ਮੀਨ ਦੀ ਪਹਿਲੀ ਮਾਲਕ ਸਰੋਜ ਹਾਂਡਾ ਹੈ, ਫਿਰ ਉਸ ਤੋਂ ਬਾਅਦ 2001 ਵਿਚ ਜ਼ਮੀਨ ਦੀ ਮਾਲਕ ਸਰੋਜ ਰਾਣੀ ਨੂੰ ਬਣਾ ਦਿੱਤਾ ਗਿਆ ਅਤੇ ਇਸ ਦੀ ਜਾਅਲੀ ਪਾਵਰ ਆਫ਼ ਅਟਾਰਨੀ ਤੋਂ ਬਾਅਦ ਹੋਈ ਰਜਿਸਟਰੀ ਵਿਚ ਜ਼ਮੀਨ ਦਾ ਮਾਲਕ ਇਕਬਾਲ ਸਿੰਘ ਬਣ ਗਿਆ ਹੈ। ਕਰੋੜਾਂ ਰੁਪਏ ਦੀ ਇਹ ਜ਼ਮੀਨ ਹੁਣ ਕੋਰਟ ਕਚਹਿਰੀਆਂ ਦੀਆਂ ਫਾਈਲਾਂ ਤੇ ਕਲੇਸ਼ਾਂ ਵਿਚ ਘੁੰਮਦੀ ਰਹੇਗੀ ਅਤੇ ਜੇਕਰ ਮਾਲ ਵਿਭਾਗ ਨੇ ਸਹੀ ਪੜਤਾਲ ਕੀਤੀ ਹੁੰਦੀ ਤਾਂ ਅਸਲੀ ਮਾਲਕ ਦੇ ਵਾਰਿਸਾਂ ਨੂੰ ਜ਼ਮੀਨ ਦਾ ਹੱਕ ਮਿਲਣਾ ਸੀ।
