ਬਿਕਰਮ ਮਜੀਠੀਆ ਨੇ ਡਰੱਗ ਮਾਮਲੇ ''ਚ ਘੇਰੀ ਪੰਜਾਬ ਸਰਕਾਰ, ਚਾਰਜਸ਼ੀਟ ''ਤੇ ਦਿੱਤਾ ਵੱਡਾ ਬਿਆਨ
Wednesday, Oct 28, 2026 - 07:35 PM (IST)
ਚੰਡੀਗੜ੍ਹ (ਵੈੱਬ ਡੈਸਕ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ 'ਤੇ ਗੰਭੀਰ ਦੋਸ਼ ਲਗਾਉਂਦਿਆਂ ਤਿੱਖਾ ਨਿਸ਼ਾਨਾ ਸਾਧਿਆ ਹੈ। ਮਜੀਠੀਆ ਨੇ ਦਲਜੀਤ ਸਿੰਘ ਦੀ ਦੇਹ ਸਬੰਧੀ ਪੁਲਸ ਕਾਰਵਾਈ, ਡਰੱਗਜ਼ ਮਾਮਲੇ 'ਚ ਸਰਕਾਰ ਵੱਲੋਂ ਬਣਾਏ ਜਾ ਰਹੇ ਨੈਰੇਟਿਵ ਅਤੇ ਸਰਕਾਰੀ ਨਾਕਾਮੀਆਂ 'ਤੇ ਆਪਣਾ ਪੱਖ ਰੱਖਿਆ ਹੈ। ਬਿਕਰਮ ਸਿੰਘ ਮਜੀਠੀਆ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕਰਦੇ ਕਿਹਾ ਕਿ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਧੱਕੇ ਨਾਲ ਅੰਤਿਮ ਸਸਕਾਰ ਕਰਨ ਲਈ ਭੱਜਣ ਦੀ ਪੁਲਸ ਕਾਰਵਾਈ 80 ਅਤੇ 90 ਦੇ ਦਹਾਕੇ ਦੇ ਹਾਲਾਤ ਦੀ ਯਾਦ ਦਿਵਾਉਂਦੀ ਹੈ। ਉਨ੍ਹਾਂ ਵੀਡੀਓ ਫੁਟੇਜ ਦਾ ਹਵਾਲਾ ਦਿੰਦੇ ਦੋਸ਼ ਲਾਇਆ ਕਿ ਡੀ. ਐੱਸ. ਪੀ. ਅਤੇ ਪੁਲਸ ਫੋਰਸ ਵੱਲੋਂ ਲੋਕਾਂ 'ਤੇ ਡੰਡੇ ਵਰ੍ਹਾਏ ਗਏ ਅਤੇ ਧੱਕੇਸ਼ਾਹੀ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਦੋ ਦਿਨ ਮੀਂਹ, ਗੜ੍ਹੇਮਾਰੀ ਤੇ ਹਨ੍ਹੇਰੀ-ਝੱਖੜ ਦੀ ਚਿਤਾਵਨੀ! 12 ਜ਼ਿਲ੍ਹਿਆਂ 'ਚ Alert
ਡਰੱਗ ਕੇਸ ਅਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲੇ 'ਤੇ ਵੱਡਾ ਬਿਆਨ ਦਿੰਦੇ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜ ਸਾਲ ਬੀਤ ਜਾਣ, ਤਿੰਨ ਡੀ. ਜੀ. ਪੀ. ਅਤੇ ਕਈ ਐੱਸ. ਆਈ. ਟੀ. (SIT) ਮੁਖੀ ਬਦਲਣ ਦੇ ਬਾਵਜੂਦ ਵੀ ਉਨ੍ਹਾਂ ਖ਼ਿਲਾਫ਼ ਨਸ਼ਾ ਤਸਕਰੀ ਮਾਮਲੇ 'ਚ ਕੋਈ ਚਾਰਜਸ਼ੀਟ ਦਾਖ਼ਲ ਨਹੀਂ ਹੋਈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਵਕੀਲ ਦੇ ਬਿਆਨ ਮੁਤਾਬਕ ਅਦਾਲਤ 'ਚ ਪੇਸ਼ ਕੀਤਾ ਗਿਆ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਨਾਲ ਸਬੰਧਤ ਹੈ, ਨਾ ਕਿ ਡਰੱਗਜ਼ ਨਾਲ। ਇਹ ਤਾਂ ਆਮਦਨ ਤੋਂ ਵੱਧ ਜਾਇਦਾਦ ਕੇਸ ਦੀ ਸਪਲੀਮੈਂਟਰੀ ਚਲਾਨ ਦਾ ਚਲਾਨ ਹੈ, ਉਹ ਵੀ ਡੇਢ ਸਾਲ ਲੱਗ ਗਿਆ ਕਹਾਣੀ ਬਣਾਉਣ ਵਿੱਚ, ਜੋ ਝੂਠ ਦਾ ਪੂਰਾ ਪੁਲੰਦਾ ਹੈ। ।
ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਸਰਕਾਰ ਦੇ ਰਾਜ 'ਚ ਪੰਜਾਬ ਦੇ ਘਰ-ਘਰ ਨਸ਼ਾ ਪਹੁੰਚ ਚੁੱਕਾ ਹੈ।
ਬਿਕਰਮ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਵੱਲੋਂ 15 ਮਾਰਚ 2018 ਨੂੰ ਦਿੱਤੀ ਲਿਖ਼ਤੀ ਮੁਆਫ਼ੀ ਦਾ ਜ਼ਿਕਰ ਕਰਦੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ 'ਤੇ ਲਾਏ ਦੋਸ਼ਾਂ ਲਈ ਅਦਾਲਤ 'ਚ ਮੁਆਫ਼ੀ ਮੰਗੀ ਸੀ। ਉਨ੍ਹਾਂ ਕਿਹਾ ਕਿ ਸਾਲ 2018 ਤੋਂ ਬਾਅਦ ਉਹ ਖ਼ੁਦ ਸਰਕਾਰ 'ਚ ਨਹੀਂ ਰਹੇ, ਫਿਰ ਵੀ 'ਆਪ' ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਉਨ੍ਹਾਂ ਖ਼ਿਲਾਫ਼ ਬਿਆਨਬਾਜ਼ੀ ਕਰ ਰਹੀ ਹੈ।
ਉਥੇ ਹੀ ਇਸ ਮੌਕੇ ਪ੍ਰੈੱਸ ਕਾਨਫ਼ਰੰਸ ਦੌਰਾਨ ਵਕੀਲ ਨੇ ਦੱਸਿਆ ਕਿ ਅਦਾਲਤ ਦੇ ਬਾਹਰ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਅਦਾਲਤੀ ਕਾਰਵਾਈ ਨਾਲ ਮੇਲ ਨਹੀਂ ਖਾਂਦਾ। ਵਕੀਲ ਮੁਤਾਬਕ 25 ਜੂਨ 2025 ਨੂੰ ਦਰਜ ਐੱਫ਼. ਆਈ. ਆਰ. ਆਮਦਨ ਤੋਂ ਵੱਧ ਜਾਇਦਾਦ ਕੇਸ ਨਾਲ ਸਬੰਧਤ ਹੈ ਅਤੇ ਕੋਈ 40 ਹਜ਼ਾਰ ਪੰਨਿਆਂ ਦਾ ਚਲਾਨ ਪੇਸ਼ ਨਹੀਂ ਹੋਇਆ, ਸਗੋਂ ਇਹ ਮਹਿਜ਼ ਇਕ ਪੂਰਕ (supplementary) ਚਲਾਨ ਹੈ, ਜੋਕਿ ਸਿਰਫ਼ 12 ਪੰਨਿਆਂ ਦਾ ਸੀ। ਹਾਈਕੋਰਟ ਵੱਲੋਂ 10 ਅਗਸਤ 2022 ਨੂੰ ਦਿੱਤੇ ਫ਼ੈਸਲੇ ਤੋਂ ਬਾਅਦ ਅਦਾਲਤ 'ਚ ਨਸ਼ਾ ਤਸਕਰੀ ਨਾਲ ਸਬੰਧਤ ਕੋਈ ਨਵਾਂ ਸਬੂਤ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿੱਤ ਸੱਚਾਈ ਦੀ ਹੋਵੇਗੀ, ਲੋਕਾਂ ਦੇ ਮੁੱਦੇ ਚੁੱਕਣ ਤੋਂ ਨਾ ਰੁਕਾਂਗਾ ਅਤੇ ਨਾ ਹੀ ਝੁਕਾਂਗਾ।
ਇਹ ਵੀ ਪੜ੍ਹੋ: Big Breaking: ਪੰਜਾਬ ਦੀ ਜੇਲ੍ਹ 'ਚ ਨਾਮੀ ਗੈਂਗਸਟਰ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
