ਕੰਟੀਨ ਸੰਚਾਲਕ ਦੀ ਮੌਤ ਮਾਮਲੇ ''ਚ ਵਕੀਲ ’ਤੇ ਮਾਮਲਾ ਦਰਜ

Wednesday, Oct 28, 2026 - 11:28 AM (IST)

ਕੰਟੀਨ ਸੰਚਾਲਕ ਦੀ ਮੌਤ ਮਾਮਲੇ ''ਚ ਵਕੀਲ ’ਤੇ ਮਾਮਲਾ ਦਰਜ

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਕੰਪਲੈਕਸ 'ਚ ਕੰਟੀਨ ਸੰਚਾਲਕ ਰਾਮ ਮਿਲਨ ਯਾਦਵ ਦੀ ਮੌਤ ਦੇ ਮਾਮਲੇ 'ਚ ਸੈਕਟਰ-36 ਥਾਣਾ ਪੁਲਸ ਨੇ ਵਕੀਲ ਐੱਸ. ਪੀ. ਬਾਂਸਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਯਾਦਵ ਦੇ ਬੇਟੇ ਅਨਿਲ ਕੁਮਾਰ ਯਾਦਵ ਦੀ ਸ਼ਿਕਾਇਤ ’ਤੇ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 108 ਤਹਿਤ ਕਾਰਵਾਈ ਕੀਤੀ ਗਈ ਹੈ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਵਕੀਲ ਵੱਲੋਂ ਕਥਿਤ ਤੌਰ ’ਤੇ ਬੇਇੱਜ਼ਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਜ਼ਹਿਰੀਲੀ ਚੀਜ਼ ਖਾ ਲਈ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਰਿਕਾਰਡ ਅਨੁਸਾਰ, 26 ਅਕਤੂਬਰ ਨੂੰ ਸ਼ਾਮ ਕਰੀਬ 7:35 ਵਜੇ ਜੀ.ਐੱਮ.ਸੀ.ਐੱਚ.-32 ਤੋਂ ਸੂਚਨਾ ਮਿਲੀ ਸੀ ਕਿ ਰਾਮ ਮਿਲਨ ਯਾਦਵ ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ ਤੋਂ ਹਸਪਤਾਲ ਲਿਆਂਦਾ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੀ.ਐੱਫ.ਐੱਸ.ਐੱਲ. ਦੀ ਟੀਮ ਨੇ ਮੌਕੇ ’ਤੇ ਪਏ ਕੂੜੇਦਾਨ ਵਿਚੋਂ ਸਲਫ਼ਾਸ ਦਾ ਇਕ ਪਾਊਚ ਬਰਾਮਦ ਕੀਤਾ।

ਘਟਨਾ ਵਾਲੀ ਥਾਂ ’ਤੇ ਪਈ ਉਲਟੀ ਦੇ ਨਮੂਨੇ ਵੀ ਇਕੱਠੇ ਕਰਕੇ ਸੀਲ ਕੀਤੇ ਗਏ। ਸ਼ਿਕਾਇਤ ਮੁਤਾਬਕ, ਰਾਮ ਮਿਲਨ ਯਾਦਵ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ ਕੰਟੀਨ ਚਲਾਉਂਦੇ ਸਨ। 26 ਅਕਤੂਬਰ ਨੂੰ ਉਹ ਕੰਟੀਨ ਨਾਲ ਸਬੰਧਿਤ ਕੰਮ ਲਈ ਅਦਾਲਤ ਕੰਪਲੈਕਸ ਪਹੁੰਚੇ ਸਨ। ਉੱਥੇ ਝਗੜੇ ਦੌਰਾਨ ਉਨ੍ਹਾਂ ਨੇ ਵਿਚ-ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਦੋਸ਼ ਹੈ ਕਿ ਇਸ ਦੌਰਾਨ ਐਡਵੋਕੇਟ ਬਾਂਸਲ ਨੇ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ ਅਤੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ। ਸ਼ਿਕਾਇਤਕਰਤਾ ਅਨੁਸਾਰ, ਇਸ ਨਾਲ ਉਨ੍ਹਾਂ ਦੇ ਪਿਤਾ ਨੂੰ ਡੂੰਘਾ ਮਾਨਸਿਕ ਧੱਕਾ ਲੱਗਾ ਅਤੇ ਉਨ੍ਹਾਂ ਨੇ ਜ਼ਹਿਰੀਲੀ ਚੀਜ਼ ਖਾ ਲਈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਸੀ। ਪਰਿਵਾਰ ਨੇ ਅੰਤਿਮ ਸਸਕਾਰ ਕਰ ਦਿੱਤਾ ਹੈ।


author

Babita

Content Editor

Related News