ਕ੍ਰਿਪਟੋ ਕਰੰਸੀ ਮਾਮਲੇ ’ਚ ਈ. ਡੀ. ਦੀ ਚੰਡੀਗੜ੍ਹ, ਮੋਹਾਲੀ ਤੇ ਜ਼ੀਰਕਪੁਰ ’ਚ ਛਾਪੇਮਾਰੀ, 72 ਲੱਖ ਕੈਸ਼ ਜ਼ਬਤ
Sunday, Nov 01, 2026 - 02:18 AM (IST)
ਚੰਡੀਗੜ੍ਹ (ਵਿਨੈ) : ਲਗਭਗ 500 ਕਰੋੜ ਰੁਪਏ ਦੇ ਕਥਿਤ ਕ੍ਰਿਪਟੋ ਕਰੰਸੀ ਘਪਲੇ ’ਚ ਈ. ਡੀ. ਨੇ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ ਚੰਡੀਗੜ੍ਹ, ਮੋਹਾਲੀ ਅਤੇ ਜ਼ੀਰਕਪੁਰ ਸਮੇਤ ਕਈ ਟਿਕਾਣਿਆਂ ’ਤੇ ਛਾਪੇਮਾਰੀ ਕਰ ਕੇ 72 ਲੱਖ ਰੁਪਏ ਨਕਦ ਜ਼ਬਤ ਕੀਤੇ ਹਨ। ਇਹ ਕਾਰਵਾਈ ਨਿਵੇਸ਼ਕਾਂ ਨਾਲ ਕਥਿਤ ਧੋਖਾਦੇਹੀ ਅਤੇ ਪੋਂਜ਼ੀ ਸਕੀਮ ਰਾਹੀਂ ਕਰੋੜਾਂ ਰੁਪਏ ਇਕੱਠੇ ਕਰਨ ਦੇ ਮਾਮਲੇ ’ਚ ਕੀਤੀ ਗਈ ਹੈ। ਈ. ਡੀ. ਨੇ ਇਸ ਮਾਮਲੇ ’ਚ ਮੁੱਖ ਦੋਸ਼ੀ ਸੁਭਾਸ਼ ਸ਼ਰਮਾ ਦੇ ਕਰੀਬੀ ਸਹਿਯੋਗੀ ਅਤੁਲ ਸੂਦ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਸ਼ਿਮਲਾ ਸਥਿਤ ਵਿਸ਼ੇਸ਼ ਪੀ. ਐੱਮ. ਐੱਲ. ਏ. ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਦੋਸ਼ੀ ਨੂੰ 5 ਨਵੰਬਰ ਤੱਕ ਈ. ਡੀ. ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਏਜੰਸੀ ਉਸ ਤੋਂ ਪੁੱਛਗਿੱਛ ਕਰ ਕੇ ਘਪਲੇ ਨਾਲ ਜੁੜੇ ਵਿੱਤੀ ਲੈਣ-ਦੇਣ, ਹੋਰ ਸਹਿਯੋਗੀਆਂ ਅਤੇ ਨਿਵੇਸ਼ਕਾਂ ਤੋਂ ਇਕੱਠੀ ਕੀਤੀ ਗਈ ਰਕਮ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਹੋਈ ਤਰੱਕੀ! Notification ਜਾਰੀ; ਪੜ੍ਹੋ ਪੂਰੀ LIST
ਈ. ਡੀ. ਮੁਤਾਬਕ ਇਸ ਕਥਿਤ ਕ੍ਰਿਪਟੋ ਪੋਂਜ਼ੀ ਸਕੀਮ ਕਾਰਨ 2.48 ਲੱਖ ਤੋਂ ਵੱਧ ਨਿਵੇਸ਼ਕ ਪ੍ਰਭਾਵਿਤ ਹੋਏ ਹਨ। ਹੁਣ ਤੱਕ ਸਾਹਮਣੇ ਆਏ ਲੈਣ-ਦੇਣ ਦਾ ਅੰਕੜਾ 219 ਮਿਲੀਅਨ ਡਾਲਰ ਤੋਂ ਵੱਧ ਦੱਸਿਆ ਜਾ ਰਿਹਾ ਹੈ, ਜਦਕਿ ਨਿਵੇਸ਼ਕਾਂ ਨੂੰ ਲਗਭਗ 500 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਦੋਸ਼ ਹੈ ਕਿ ਨਿਵੇਸ਼ਕਾਂ ਨੂੰ ਕ੍ਰਿਪਟੋ ਕਰੰਸੀ ’ਚ ਨਿਵੇਸ਼ ਦੇ ਨਾਂ ’ਤੇ ਆਕਰਸ਼ਕ ਰਿਟਰਨ ਦਾ ਲਾਲਚ ਦਿੱਤਾ ਗਿਆ ਅਤੇ ਇਸੇ ਜ਼ਰੀਏ ਵੱਡੀ ਰਕਮ ਇਕੱਠੀ ਕੀਤੀ ਗਈ। ਇਸ ਪੂਰੇ ਨੈੱਟਵਰਕ ਦਾ ਕਥਿਤ ਮੁੱਖ ਸਰਗਨਾ ਸੁਭਾਸ਼ ਸ਼ਰਮਾ ਦੱਸਿਆ ਜਾ ਰਿਹਾ ਹੈ, ਜਿਸ ਦੇ ਨਿਵੇਸ਼ਕਾਂ ਨਾਲ ਠੱਗੀ ਤੋਂ ਬਾਅਦ ਦੁਬਈ ਭੱਜ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਈ. ਡੀ. ਹੁਣ ਉਸ ਦੇ ਵਿੱਤੀ ਨੈੱਟਵਰਕ ਅਤੇ ਹੋਰ ਸਹਿਯੋਗੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਗੌਰਤਲਬ ਹੈ ਕਿ ਇਸ ਮਾਮਲੇ ’ਚ ਇਸ ਤੋਂ ਪਹਿਲਾਂ ਮਾਸੂਮ ਜੁਨੇਜਾ, ਹੇਮ ਰਾਜ, ਸੁਖਦੇਵ ਠਾਕੁਰ, ਅਭਿਸ਼ੇਕ ਸ਼ਰਮਾ ਅਤੇ ਮਿਲਨ ਗਰਗ ਸਮੇਤ ਕਈ ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
