ਬਿਜਲੀ ਮੁਲਾਜ਼ਮਾਂ ਵੱਲੋਂ ਪਾਵਰਕਾਮ ਮੈਨੇਜਮੈਂਟ ਵਿਰੁੱਧ ਰੋਸ ਮੁਜ਼ਾਹਰਾ
Sunday, Oct 29, 2017 - 12:33 AM (IST)
ਗੁਰਦਾਸਪੁਰ, (ਵਿਨੋਦ, ਦੀਪਕ)- ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ 'ਤੇ ਅੱਜ ਮੰਡਲ ਦਫ਼ਤਰ ਗੁਰਦਾਸਪੁਰ ਦੇ ਗੇਟ ਅੱਗੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ ਰੋਸ ਮੁਜ਼ਾਹਰਾ ਮੰਡਲ ਪ੍ਰਧਾਨ ਨਿਰਮਲ ਸਿੰਘ, ਸੁਖਦੇਵ ਸਿੰਘ ਕਾਲਾਨੰਗਲ ਦੀ ਪ੍ਰਧਾਨਗੀ ਹੇਠ ਸਾਂਝੇ ਤੌਰ 'ਤੇ ਕੀਤਾ ਗਿਆ।
ਅੱਜ ਦੇ ਰੋਸ ਮੁਜ਼ਾਹਰੇ ਵਿਚ ਵਿਸ਼ੇਸ ਤੌਰ 'ਤੇ ਸੰਬੋਧਨ ਕਰਦਿਆਂ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ, ਨਾਨਕ ਸਿੰਘ ਬਖ਼ਤਪੁਰਾ, ਬਲਵਿੰਦਰ ਸਿੰਘ, ਹਰਦਿਆਲ ਸਿੰਘ ਨੇ ਸਾਂਝੇ ਤੌਰ 'ਤੇ ਮੰਗ ਕੀਤੀ ਕਿ ਮੁਲਾਜ਼ਮਾਂ ਦਾ 1-12-11 ਤੋਂ ਪੈਂਡਿੰਗ ਪਿਆ ਪੇ-ਸਕੇਲ ਲਾਗੂ ਕੀਤਾ ਜਾਵੇ, ਖਾਲੀ ਪਈਆਂ ਅਸਾਮੀਆਂ ਵਿਰੁੱਧ ਨਵੀਂ ਭਰਤੀ ਕੀਤੀ ਜਾਵੇ, ਰੈਗੂਲਰ ਤੌਰ 'ਤੇ ਭਰਤੀ ਕਰ ਕੇ ਮੁਲਾਜ਼ਮਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇ, ਆਈ. ਟੀ. ਆਈ. ਪਾਸ ਲਾਈਨਮੈਨਾਂ ਨੂੰ ਜੇ. ਈ. ਪ੍ਰਮੋਟ ਕੀਤਾ ਜਾਵੇ, ਬਿਨਾਂ ਸ਼ਰਤ 23 ਸਾਲਾ ਸਕੇਲ ਸਮੁੱਚੇ ਕਰਮਚਾਰੀਆਂ 'ਤੇ ਲਾਗੂ ਕੀਤਾ ਜਾਵੇ, ਡੀ. ਏ. ਦੀਆਂ ਕਿਸ਼ਤਾਂ ਦਾ ਪਿਛਲਾ ਬਕਾਇਆ ਲਾਗੂ ਕੀਤਾ ਜਾਵੇ, ਅਗੇਤ ਦੇ ਆਧਾਰ 'ਤੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਨੌਕਰੀ ਦਿੱਤੀ ਜਾਵੇ, 16-4-2010 ਤੋਂ ਪਹਿਲਾਂ ਪੈਂਡਿੰਗ ਪਏ ਮ੍ਰਿਤਕਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ, ਵਰਕਚਾਰਜ ਆਰ. ਟੀ. ਐੱਮ. ਕਾਮਿਆਂ ਦੀ ਕੱਟ ਆਫ ਡੇਟ 'ਚ ਵਾਧਾ ਕਰ ਕੇ ਪ੍ਰਮੋਟ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਨੂੰ ਤੁਰੰਤ ਲਾਗੂ ਨਾ ਕੀਤਾ ਤਾਂ ਸਮੁੱਚੇ ਬਿਜਲੀ ਮੁਲਾਜ਼ਮ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਨਾਨਕ ਸਿੰਘ, ਸਲਵਿੰਦਰ ਕੁਮਾਰ, ਸਰਵਣ ਸਿੰਘ, ਬਲਵਿੰਦਰ ਸਿੰਘ, ਗੁਰਦਿਆਲ ਸਿੰਘ, ਪਵਨ ਕੁਮਾਰ, ਬਲਕਾਰ ਸਿੰਘ, ਰਣਧੀਰ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ।
