ਪੁਲਸ ਨੇ ਡੰਡੇ ਦੇ ਜ਼ੋਰ ’ਤੇ ਬਿਜਲੀ ਵਿਭਾਗ ਦੇ 6. 30 ਲੱਖ ਰੁਪਏ ਦੱਬੇ
Saturday, Aug 25, 2018 - 04:31 AM (IST)

ਮਾਛੀਵਾਡ਼ਾ ਸਾਹਿਬ, (ਟੱਕਰ, ਸਚਦੇਵਾ)-ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮ. ਦੇ ਮਾਛੀਵਾਡ਼ਾ ਦਫ਼ਤਰ ਦੇ ਪੁਲਸ ਥਾਣਾ ਮਾਛੀਵਾਡ਼ਾ ਨੇ ਡੰਡੇ ਦੇ ਜ਼ੋਰ ਨਾਲ 6 ਲੱਖ 30 ਹਜ਼ਾਰ ਰੁਪਏ ਦੱਬੇ ਹੋਏ ਹਨ। ਬਿਜਲੀ ਵਿਭਾਗ ਕੁਝ ਰੁਪਏ ਬਕਾਇਆ ਰਾਸ਼ੀ ਹੋਣ ’ਤੇ ਬਿਜਲੀ ਕੁਨੈਕਸ਼ਨ ਕੱਟ ਦਿੰਦਾ ਹੈ ਪਰ ਪੁਲਸ ਤੋਂ ਡਰਦਿਆਂ ਵਿਭਾਗ ਦੇ ਕਰਮਚਾਰੀ ਥਾਣੇ ਵੱਲ ਮੂੰਹ ਵੀ ਨਹੀਂ ਕਰਦੇ।ਜਾਣਕਾਰੀ ਅਨੁਸਾਰ ਮਾਛੀਵਾਡ਼ਾ ਬਿਜਲੀ ਦਫ਼ਤਰ ਦੀ ਸਰਕਾਰੀ ਅਦਾਰਿਆਂ ਸਮੇਤ ਡਿਫਾਲਟਰਾਂ ਵੱਲ 7 ਕਰੋਡ਼ ਤੋਂ ਵੱਧ ਦੀ ਰਾਸ਼ੀ ਹੈ, ਜਿਸ ਨੂੰ ਵਸੂਲਣ ਲਈ ਬਿਜਲੀ ਵਿਭਾਗ ਨੇ ਲੋਕਾਂ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਪ੍ਰਾਪਤ ਅੰਕਡ਼ੇ ਅਨੁਸਾਰ ਜੇਕਰ ਸਰਕਾਰੀ ਅਦਾਰਿਆਂ ਵੱਲ ਨਜ਼ਰ ਮਾਰੀਏ ਤਾਂ ਬਿਜਲੀ ਬਿੱਲ ਦੇ ਬਕਾਏ ਮਾਛੀਵਾਡ਼ਾ ਥਾਣੇ ਵੱਲ 6 ਲੱਖ 30 ਹਜ਼ਾਰ ਰੁਪਏ, ਮਾਛੀਵਾਡ਼ਾ ਸਬ-ਤਹਿਸੀਲ ਵੱਲ 68 ਹਜ਼ਾਰ ਤੇ ਸਰਕਾਰੀ ਸਕੂਲਾਂ ਸਹਿਜੋ ਮਾਜਰਾ, ਬੈਰਸਾਲ ਤੇ ਗਡ਼੍ਹੀ ਤਰਖਾਣਾ ਵੱਲ 82 ਹਜ਼ਾਰ ਰੁਪਏ ਤੋਂ ਵੱਧ ਬਕਾਇਆ ਹੈ। ਮਾਛੀਵਾਡ਼ਾ ਬਲਾਕ ਦੇ ਪਿੰਡਾਂ ਵਿਚ ਲੋਕਾਂ ਨੂੰ ਸ਼ੁੱਧ ਪਾਣ ਦੀ ਸਪਲਾਈ ਕਰਨ ਵਾਲੀਆਂ ਪਾਣੀ ਦੀਆਂ ਟੈਂਕੀਆਂ ਵੱਲ ਵੀ ਬਿਜਲੀ ਵਿਭਾਗ ਦਾ 44 ਲੱਖ 85 ਹਜ਼ਾਰ ਰੁਪਏ ਤੋਂ ਵੱਧ ਬਕਾਇਆ ਹੈ, ਜਿਸ ਵਿਚ ਗਡ਼੍ਹੀ ਤਰਖਾਣਾ, ਹਿਯਾਤਪੁਰ, ਚਕਲੀ ਆਦਲ, ਟਾਂਡਾ ਕੁਸ਼ਲ ਸਿੰਘ, ਮਾਣੇਵਾਲ, ਘੁਮਾਣਾ, ਰਹੀਮਾਬਾਦ ਖੁਰਦ, ਰੂਡ਼ੇਵਾਲ, ਜਿਓਣੇਵਾਲ, ਲੱਖੋਵਾਲ ਖੁਰਦ, ਸਹਿਜੋ ਮਾਜਰਾ, ਬੁਰਜ ਪਵਾਤ ਤੇ ਸ਼ੇਰੀਆਂ ਪਿੰਡ ਦੀਆਂ ਪਾਣੀ ਵਾਲੀ ਟੈਂਕੀਆਂ ਸ਼ਾਮਲ ਹਨ। ਮਾਛੀਵਾਡ਼ਾ ਪਬਲਿਕ ਹੈਲਥ ਵਿਭਾਗ ਵਲੋਂ ਸ਼ਹਿਰ ਦੇ ਹਸਪਤਾਲ ’ਚ ਲਾਈ ਪਾਣੀ ਵਾਲੀ ਟੈਂਕੀ ਤੇ ਇਕ ਹੋਰ ਸਰਕਾਰੀ ਮੋਟਰ ਸਮੇਤ 1 ਲੱਖ 84 ਹਜ਼ਾਰ ਰੁਪਏ ਤੋਂ ਵੱਧ ਦਾ ਬਕਾਇਆ ਹੈ। ਇਸ ਤੋਂ ਇਲਾਵਾ ਪਿੰਡਾਂ ’ਚ ਸਰਕਾਰ ਵਲੋਂ ਖੋਲ੍ਹੇ ਗਏ ਸੁਵਿਧਾ ਕੇਂਦਰਾਂ ਨੇ ਵੀ ਆਪਣੇ ਬਿਜਲੀ ਦੇ ਬਿੱਲ ਅਦਾ ਨਹੀਂ ਕੀਤੇ, ਜਿਸ ਵਿਚ ਹੇਡੋਂ ਬੇਟ ਸੁਵਿਧਾ ਕੇਂਦਰ ਵੱਲ 1 ਲੱਖ 39 ਹਜ਼ਾਰ ਤੇ ਹੰਬੋਵਾਲ ਵੱਲ 17 ਹਜ਼ਾਰ ਤੋਂ ਵੱਧ ਦੀ ਰਾਸ਼ੀ ਵਿਭਾਗ ਦੀ ਬਕਾਇਆ ਹੈ। ਬਿਜਲੀ ਵਿਭਾਗ ਦੇ ਐੱਸ. ਡੀ. ਓ. ਸਤਿੰਦਰ ਸਿੰਘ ਨੇ ਕਿਹਾ ਕਿ ਡਿਫਾਲਟਰ ਸਰਕਾਰੀ ਅਦਾਰਿਆਂ ਤੋਂ ਵਸੂਲੀ ਕਰਨ ਲਈ ਉਨ੍ਹਾਂ ਵਲੋਂ ਨੋਟਿਸ ਭੇਜੇ ਜਾ ਰਹੇ ਹਨ ਅਤੇ ਜਿਹੜੇ ਡਿਫਾਲਟਰ ਹਨ ਉਨ੍ਹਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਖਪਤਕਾਰ ਆਪਣੀ ਬਿਜਲੀ ਦੀ ਅਦਾਇਗੀ ਪਾਬੰਦ ਸਮੇਂ ’ਤੇ ਕਰਨਗੇ।