ਪੰਜਾਬ ਪੋਲਟਰੀ ਫਾਰਮਰ ਐਸੋਸੀਏਸ਼ਨ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

Saturday, May 07, 2022 - 05:57 PM (IST)

ਪੰਜਾਬ ਪੋਲਟਰੀ ਫਾਰਮਰ ਐਸੋਸੀਏਸ਼ਨ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਸੰਗਰੂਰ (ਵਿਵੇਕ ਸਿੰਧਵਾਨੀ) : ਪੰਜਾਬ ਪ੍ਰਦੇਸ਼ ਪੋਲਟਰੀ ਫਾਰਮਰ ਐਸੋਸੀਏਸ਼ਨ ਦਾ ਇਕ ਵਫ਼ਦ ਸੂਬਾਈ ਪ੍ਰਧਾਨ ਰਜੇਸ਼ ਗਰਗ ਬੱਬੂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੋਲਟਰੀ ਫਾਰਮਰਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਵਫ਼ਦ ਵਿਚ ਉਨ੍ਹਾਂ ਤੋਂ ਇਲਾਵਾ ਵਿਸ਼ਾਲ ਗੁਪਤਾ, ਅੰਮ੍ਰਿਤਪਾਲ ਸਿੰਘ, ਗੌਤਮ ਸਮਾਣਾ ਅਤੇ ਹੋਰ ਵੀ ਕਈ ਮੈਂਬਰ ਹਾਜ਼ਰ ਸਨ। ‘ਜਗਬਾਣੀ’ ਨਾਲ ਗੱਲਬਾਤ ਕਰਦਿਆਂ ਸੂਬਾਈ ਪ੍ਰਧਾਨ ਰਜੇਸ਼ ਗਰਗ ਬੱਬੂ ਨੇ ਦੱਸਿਆ ਕਿ ਸਾਡੇ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੁਰਗੀ ਪਾਲਕਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ,ਜਿਸ ਵਿਚ ਅਸੀਂ ਮੰਗ ਕੀਤੀ ਹੈ ਕਿ ਪੋਲਟਰੀ ਫਾਰਮਰ ਲਈ ਪ੍ਰਦੂਸ਼ਣ ਰੋਕਥਾਮ ਵਿਭਾਗ ਤੋਂ ਐਨ. ਓ. ਸੀ. ਲੈਣ ਦੀ ਪ੍ਰਕਿਰਿਆ ਨੂੰ ਸੌਖਾ ਕੀਤਾ ਜਾਵੇ, ਪੋਲਟਰੀ ਫਾਰਮ ਦੀ ਫੀਡ ਬਹੁਤ ਮਹਿੰਗੀ ਹੋਣ ਕਰਕੇ ਇਸ ਵੇਲੇ ਪੰਜਾਬ ਦੀ ਪੋਲਟਰੀ ਖ਼ਤਮ ਹੋਰ ਹੋਣ ਕਿਨਾਰੇ ਹੈ ਜਦੋਂ ਕਿ ਬਾਹਰਲੇ ਸੂਬਿਆਂ ਵਿੱਚ ਫੀਡ ਬਹੁਤ ਸਸਤੀ ਪੈਂਦੀ ਹੈ।

ਉਨ੍ਹਾਂ ਕਿਹਾ ਅਸੀਂ ਮੰਗ ਕੀਤੀ ਹੈ ਕਿ ਸਾਨੂੰ ਬਾਹਰਲੇ ਸੂਬਿਆਂ ਤੋਂ ਪੋਲਟਰੀ ਫਾਰਮ ਦੇ ਨਾਂ ਤੇ ਕਣਕ ਮੰਗਵਾਉਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤੋਂ ਇਲਾਵਾ ਅਸੀਂ ਉਨ੍ਹਾਂ ਪਾਸੋਂ ਮੰਗ ਕੀਤੀ ਹੈ ਕਿ ਪੋਲਟਰੀ ਫਾਰਮ ਚਲਾਉਣ ਲਈ ਸੁਖਾਲਾ ਮਾਹੌਲ ਪੈਦਾ ਕੀਤਾ ਜਾਵੇ, ਪੋਲਟਰੀ ਫਾਰਮ ਤੇ ਮੱਖੀਆਂ ਦੀ ਸਮੱਸਿਆ ਅਕਸਰ ਦੇਖਣ ਨੂੰ ਮਿਲਦੀ ਹੈ ਪਰ ਇਹ ਮੱਖੀਆਂ ਮੌਸਮ ਦੇ ਬਦਲਣ ਕਰਕੇ ਹਰ ਪਿੰਡ ਅਤੇ ਸ਼ਹਿਰ ਵਿੱਚ ਵੇਖਣ ਲਈ ਮਿਲਦੀਆਂ ਹਨ ਪਰ ਇਹ ਪੋਲਟਰੀ ਦੇ ਖਾਤੇ ਪਾ ਦਿੱਤੀਆਂ ਜਾਂਦੀਆਂ ਹਨ ਜੋ ਕਿ ਬਹੁਤ ਗਲਤ ਗੱਲ ਹੈ। ਉਨ੍ਹਾਂ ਕਿਹਾ ਇਹ ਅਜਿਹੀਆਂ ਸਮੱਸਿਆਵਾਂ ਦੋਵਾਂ ਧਿਰਾਂ ਨੂੰ ਬਿਠਾ ਕੇ ਹੱਲ ਕਰਨੀਆਂ ਚਾਹੀਦੀਆਂ ਹਨ।


author

Gurminder Singh

Content Editor

Related News