'ਕੋਰੋਨਾ' ਦਾ ਹੌਟ ਸਪਾਟ ਬਣੇ ਪਿੰਡ ਨੰਗਲੀ ਦੇ 9 ਪਾਜ਼ੇਟਿਵ ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ
Wednesday, Jun 03, 2020 - 02:28 PM (IST)
ਟਾਂਡਾ ਉੜਮੁੜ (ਪੰਡਿਤ, ਕੁਲਦੀਸ਼, ਮੋਮੀ, ਸ਼ਰਮਾ,ਜਸਵਿੰਦਰ) : ਕੋਰੋਨਾ ਹਾਟ ਸਪਾਟ ਬਣੇ ਪਿੰਡ ਨੰਗਲੀ (ਜਲਾਲਪੁਰ) ਦੇ ਵਾਸੀਆਂ ਲਈ ਕੁਝ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਕਿ 9 ਪਾਜ਼ੇਟਿਵ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪਿੰਡ ਆਪਣੇ ਘਰਾਂ 'ਚ ਪਰਤ ਆਏ ਹਨ। ਜਿਨ੍ਹਾਂ ਨੂੰ ਇਹਤਿਆਦ ਵਜੋਂ 14 ਦਿਨ ਲਈ ਆਪੋ-ਆਪਣੇ ਘਰਾਂ 'ਚ ਇਕਾਂਤਵਾਸ 'ਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਉੱਧਰ ਕੋਰੋਨਾ ਦੀ ਚੇਨ ਤੋੜਨ ਲਈ ਸਿਹਤ ਵਿਭਾਗ ਵੱਲੋਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਲੱਭਣ ਲਈ ਪਿੰਡ ਦੇ ਘਰ-ਘਰ ਜਾ ਕੇ ਸਰਵੇ ਕਰਨ ਤੋਂ ਬਾਅਦ ਅੱਜ ਫਿਰ ਟੈਸਟ ਲਈ ਸੈਂਪਲ ਲਏ ਗਏ।
ਇਹ ਵੀ ਪੜ੍ਹੋ : ਅੰਮ੍ਰਿਤਸਰ ''ਚ ਕੋਰੋਨਾ ਦਾ ਕਹਿਰ, ਭੱਦਰਕਾਲੀ, ਹੋਲੀ ਸਿਟੀ ਤੇ ਜੌੜਾ ਪਿੱਪਲ ਇਲਾਕਾ ਪੂਰੀ ਤਰ੍ਹਾਂ ਸੀਲ
ਐੱਸ. ਐੱਮ. ਓ. ਡਾ. ਕੇ. ਆਰ. ਬਾਲੀ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੀ ਟੀਮ ਜਿਸ 'ਚ ਨੋਡਲ ਅਫ਼ਸਰ ਡਾ. ਹਰਪ੍ਰੀਤ ਸਿੰਘ, ਡਾ. ਕਰਣ ਵਿਰਕ, ਡਾ. ਰਵੀ ਕੁਮਾਰ, ਸ਼ਵਿੰਦਰ ਸਿੰਘ, ਰਵਿੰਦਰ ਸਿੰਘ, ਬਲਜੀਤ ਸਿੰਘ ਅਤੇ ਗੁਰਜੀਤ ਸਿੰਘ ਦੀ ਟੀਮ ਤੋਂ ਇਲਾਵਾ ਸਰਕਾਰੀ ਹਸਪਤਾਲ ਦਸੂਹਾ ਦੀ ਡਾਕਟਰ ਹਰਸ਼ਾ ਦੀ ਟੀਮ ਦੇ ਸਹਿਯੋਗ ਨਾਲ ਅੱਜ 49 ਪਿੰਡ ਵਾਸੀਆਂ ਦੇ ਸੈਂਪਲ ਲਏ ਗਏ। ਇਸ ਮੌਕੇ ਡਾ. ਬਾਲੀ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ 'ਕੋਰੋਨਾ' ਨੂੰ ਮਾਤ ਦੇਣ ਲਈ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪੋ-ਆਪਣੇ ਘਰਾਂ 'ਚ ਰਹਿਣ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਘਰ 'ਚ ਇਕਾਂਤਵਾਸ 'ਚ ਰੱਖਿਆ ਗਿਆ ਹੈ ਉਸਦੀ ਉਲੰਘਣਾ ਕਰਨ ਵਾਲੇ ਨੂੰ 2 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਦੇ 59 ਵਾਸੀਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸੇ ਤਰ੍ਹਾਂ ਪੁਲਸ ਪ੍ਰਸ਼ਾਸ਼ਨ ਵੱਲੋਂ ਇਸ ਪ੍ਰਭਾਵਿਤ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਬਣਾਏ ਜਾਣ ਤੋਂ ਬਾਅਦ ਡੀ. ਸੀ. ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਬਲਾਕ ਟਾਂਡਾ ਅਧੀਨ ਆਉਂਦੇ 9 ਪਿੰਡਾਂ 'ਚ ਪੰਚਾਇਤਾਂ ਦੀ ਮਦਦ ਨਾਲ ਪਿੰਡਾਂ ਅਤੇ ਸੜਕਾਂ ਨੂੰ ਸੀਲ ਕਰਕੇ ਹਰ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ 'ਜਗ ਬਾਣੀ' ਵੱਲੋ ਪਿੰਡ 'ਚ 'ਕੋਰੋਨਾ' ਦੀ ਲਾਗ ਦੇ ਪ੍ਰਸਾਰ ਲਈ ਹੋਈਆਂ ਲਾਪਰਵਾਹੀਆਂ ਸਬੰਧੀ ਬੀਤੇ ਦਿਨੀ ਨਸ਼ਰ ਕੀਤੀ ਖਬਰ ਦੀ ਉਸ ਸਮੇ ਪੁਸ਼ਟੀ ਹੋਈ ਜਦੋਂ ਬੀਤੀ ਸ਼ਾਮ ਟਾਂਡਾ ਪੁਲਸ ਵੱਲੋਂ ਪਿੰਡ 'ਚ ਤਾਲਾਬੰਦੀ ਦੀ ਉਲੰਘਣਾ ਦੇ ਦੋਸ਼ 'ਚ ਬਲਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਸਰਬਜੀਤ ਕੌਰ ਪਤਨੀ ਬਲਵਿੰਦਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਸ ਨੇ ਬਲਦੇਵ ਸਿੰਘ ਵੱਲੋ ਪਿੰਡ ਵਿੱਚ 20 ਮਈ ਨੂੰ ਲੰਗਰ ਲਾਉਣ ਅਤੇ ਸਰਬਜੀਤ ਕੌਰ ਨੂੰ ਸਿਹਤ ਵਿਭਾਗ ਵੱਲੋ ਬਾਰ-ਬਾਰ ਟੈਸਟ ਕਰਵਾਉਣ 'ਤੇ ਵੀ ਮਨ੍ਹਾ ਕਰਨ ਦੀ ਉਲੰਘਣਾ ਲਈ ਨਾਮਜ਼ਦ ਕੀਤਾ ਹੈ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਕਾਰਨ 9ਵੀਂ ਮੌਤ, ਲੁਧਿਆਣਾ ਦੇ DMC 'ਚ 64 ਸਾਲਾ ਵਿਅਕਤੀ ਨੇ ਤੋੜਿਆ ਦਮ (ਵੀਡੀਓ)