ਭੁੱਕੀ ਸਮਗਲਿੰਗ ਦੇ ਮਾਮਲੇ ’ਚ 2 ਨੂੰ 10-10 ਸਾਲ ਦੀ ਕੈਦ
Tuesday, Nov 08, 2022 - 06:05 PM (IST)
ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਥਾਣਾ ਬਾਘਾ ਪੁਰਾਣਾ ਪੁਲਸ ਵੱਲੋਂ 5 ਸਾਲ ਪਹਿਲਾਂ ਚੂਰਾ ਪੋਸਤ ਸਮੱਗਲਿੰਗ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਦੋ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮਾਣਯੋਗ ਅਦਾਲਤ ਨੇ ਦੋਵਾਂ ਨੂੰ 10-10 ਸਾਲ ਦੀ ਕੈਦ ਅਤੇ ਇਕ-ਇਕ ਲੱਖ ਰੁਪਏ ਜ਼ੁਰਮਾਨਾ ਕੀਤਾ ਹੈ। ਅਦਾਲਤ ਦੇ ਹੁਕਮ ਅਨੁਸਾਰ ਜੁਰਮਾਨਾ ਨਾ ਦੇਣ ਦੀ ਸੂਰਤ ਵਿਚ ਦੋਸ਼ੀਆਂ ਨੂੰ ਇਕ-ਇਕ ਸਾਲ ਦੀ ਕੈਦ ਹੋਰ ਭੁਗਤਣੀ ਪਵੇਗੀ।
ਜਾਣਕਾਰੀ ਅਨੁਸਾਰ ਥਾਣਾ ਬਾਘਾ ਪੁਰਾਣਾ ਪੁਲਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਧਰਮ ਸਿੰਘ ਉਰਫ ਸੋਨੀ ਨਿਵਾਸੀ ਪਿੰਡ ਲੰਡੇ, ਜਸਵਿੰਦਰ ਸਿੰਘ ਨਿਵਾਸੀ ਜੈਤੋ ਨੂੰ ਵੱਡੀ ਮਾਤਰਾ ਵਿਚ ਚੂਰਾ ਪੋਸਤ ਦੇ ਨਾਲ ਕਾਬੂ ਕੀਤਾ ਸੀ। ਪੁਲਸ ਵੱਲੋਂ 19 ਜੁਲਾਈ 2017 ਨੂੰ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਅੱਜ ਮਾਣਯੋਗ ਅਦਾਲਤ ਨੇ ਅੰਤਿਮ ਸੁਣਵਾਈ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਇਆ ਹੈ।