ਗਰੀਬ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਕਮਰੇ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ, 3 ਜ਼ਖਮੀ

Friday, Jun 29, 2018 - 12:16 PM (IST)

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ, ਪਵਨ ਤਨੇਜਾ, ਤਰਸੇਮ ਢੁੱਡੀ) - ਬੀਤੀ ਰਾਤ ਡੇਢ ਵਜੇ ਦੇ ਕਰੀਬ ਪਿੰਡ ਲੱਖੇਵਾਲੀ ਵਿਖੇ ਇਕ ਬੇਹੱਦ ਗਰੀਬ ਪਰਿਵਾਰ ਦੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦ ਪਰਿਵਾਰਕ ਮੈਂਬਰ ਮੀਂਹ ਦੇ ਕਾਰਨ ਘਰ ਦੇ ਅੰਦਰ ਸੁੱਤੇ ਪਏ ਸਨ। ਮੀਂਹ ਕਾਰਨ ਅਚਾਨਕ ਡਾਟਾ ਲੱਗੀਆ ਵਾਲੀ ਛੱਤ ਉਨ੍ਹਾਂ ਦੇ ਸਿਰ 'ਤੇ ਆ ਡਿੱਗੀ, ਜਿਸ ਕਾਰਨ ਚੀਕ ਚਿਹਾੜਾ ਪੈ ਗਿਆ। ਉਸ ਸਮੇਂ ਉਕਤ ਕਮਰੇਂ 'ਚ ਪੰਜ ਜਣੇ ਸੁੱਤੇ ਹੋਏ ਸਨ। 

PunjabKesari
ਮਿਲੀ ਜਾਣਕਾਰੀ ਅਨੁਸਾਰ ਉਕਤ ਕਮਰੇ 'ਚ ਜਸਪਾਲ ਸਿੰਘ ਪੁੱਤਰ ਨੰਦ ਸਿੰਘ, ਉਸ ਦੀ ਪਤਨੀ ਹਰਜੀਤ ਕੌਰ ਸਮੇਤ ਤਿੰਨ ਬੱਚੇ ਸਨ। ਛੱਤ ਹੇਠਾ ਆਉਣ ਕਰਕੇ ਹਰਜੀਤ ਕੌਰ (45 ਸਾਲ ) ਪਤਨੀ ਜਸਪਾਲ ਸਿੰਘ ਦੀ ਮੌਤ ਹੋ ਗਈ। ਜਦ ਕਿ ਜਸਪਾਲ ਸਿੰਘ ਤੋਂ ਇਲਾਵਾ ਦੋ ਬੱਚੇ ਬੱਬੂ ਤੇ ਇੰਦਰਜੀਤ ਭੱਟੀ ਜ਼ਖਮੀ ਹੋ ਗਏ। ਉਕਤ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਕਰਵਾ ਦਿੱਤਾ ਗਿਆ ਜਦਕਿ ਮ੍ਰਿਤਕ ਹਰਜੀਤ ਕੌਰ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤਾ।

PunjabKesari

ਪਤਾ ਲੱਗਾ ਹੈ ਕਿ ਉਕਤ ਪਰਿਵਾਰ ਕੋਲ ਦੋ ਕਮਰੇ ਹਨ। ਜਸਪਾਲ ਸਿੰਘ ਦੇ ਮਾਤਾ ਪਿਤਾ ਵੀ ਉਸੇ ਘਰ 'ਚ ਰਹਿੰਦੇ ਹਨ ਤੇ ਉਸ ਦੀ ਭੈਣ ਜਿਸ ਦੀ ਪਹਿਲਾਂ ਮੌਤ ਹੋ ਚੁੱਕੀ ਹੈ, ਦੇ ਤਿੰਨ ਬੱਚੇ ਵੀ ਉਨ੍ਹਾਂ ਦੇ ਕੋਲ ਹੀ ਰਹਿੰਦੇ ਹਨ। ਜਸਪਾਲ ਸਿੰਘ ਤੇ ਉਸ ਦਾ ਪਰਿਵਾਰ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਸਮੁੱਚੇ ਪਿੰਡ 'ਚ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸੋਗ ਦੀ ਲਹਿਰ ਦੌੜ ਗਈ। ਯੂਥ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਲੱਖੇਵਾਲੀ, ਬਸਪਾ ਆਗੂ ਸੁਖਵੇਦ ਸਿੰਘ ਲੱਖੇਵਾਲੀ, ਇਕਬਾਲ ਸਿੰਘ ਤੇ ਸਮੂਹ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਉਕਤ ਗਰੀਬ ਪਰਿਵਾਰ ਦੀ ਆਰਥਿਕ ਤੌਰ 'ਤੇ ਮੱਦਦ ਕੀਤੀ ਜਾਵੇ।
PunjabKesari
ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕੀਤਾ ਦੁੱਖ ਪ੍ਰਗਟ 
ਇਸੇ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਨੇ ਵੀ ਲੱਖੇਵਾਲੀ ਵਿਖੇ ਵਾਪਰੇ ਇਸ ਹਾਦਸੇ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਪੰਜਾਬ ਸਰਕਾਰ 10 ਲੱਖ ਰੁਪਏ ਦੀ ਸਹਾਇਤਾ ਕਰੇ ਤੇ ਉਨ੍ਹਾਂ ਨੂੰ ਘਰ ਬਣਾ ਕੇ ਦਿੱਤਾ ਜਾਵੇ। 


Related News