ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜ਼ਬਤ ਕੀਤੇ 250 ਕਿੱਲੋ ਪਲਾਸਟਿਕ ਦੇ ਲਿਫਾਫ਼ੇ

Monday, Jul 30, 2018 - 02:22 AM (IST)

ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜ਼ਬਤ ਕੀਤੇ 250 ਕਿੱਲੋ ਪਲਾਸਟਿਕ ਦੇ ਲਿਫਾਫ਼ੇ

ਹੁਸ਼ਿਆਰਪੁਰ,  (ਘੁੰਮਣ)-  ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ ਵੱਲੋਂ ਜਿਥੇ ਬਾਇਓ ਮੈਡੀਕਲ ਵੇਸਟ ਸਬੰਧੀ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਜਾਂਚ ਕੀਤੀ ਜਾ ਰਹੀ ਹੈ, ਉਥੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਰੋਕਥਾਮ ਲਈ ਵੀ ਮੁਹਿੰਮ ਵਿੱਢੀ ਗਈ ਹੈ। ਬੋਰਡ ਦੇ ਇੰਜੀਨੀਅਰ ਧਰਮਵੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਹਸਪਤਾਲਾਂ ਵਿਚ ਬਾਇਓ ਮੈਡੀਕਲ ਵੇਸਟ ਨੂੰ ਰੋਜ਼ਾਨਾ ਸੁਚਾਰੂ ਢੰਗ ਨਾਲ ਹਟਵਾਉਣ ਲਈ ਲਗਾਤਾਰ ਹਸਪਤਾਲਾਂ ਦੀ ਚੈਕਿੰਗ ਆਰੰਭੀ ਗਈ ਹੈ। ਜਿਸ ਤਹਿਤ ਪਿਛਲੇ ਦਿਨੀ ਰਵਜੋਤ ਹਸਪਤਾਲ ਦਾ ਦੌਰਾ ਕੀਤਾ ਗਿਆ, ਜਿਸ ਵਿਚ ਸਭ ਕੁੱਝ ਠੀਕ ਪਾਇਆ ਗਿਆ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿਚ ਨਗਰ ਨਿਗਮ ਦੇ ਸਹਿਯੋਗ ਨਾਲ ਗੁਡ਼ ਮੰਡੀ ਦੀਆਂ ਦੁਕਾਨਾਂ ਦੀ ਚੈÎਕਿੰਗ ਕੀਤੀ ਗਈ, ਜਿਸ ਦੌਰਾਨ ਕਰੀਬ 50 ਕਿੱਲੋ ਪਲਾਸਟਿਕ ਦੇ ਲਿਫ਼ਾਫ਼ੇ ਜ਼ਬਤ ਵੀ ਕੀਤੇ ਗਏ। ਇਸ ਤੋਂ ਇਲਾਵਾ ਪਲਾਸਟਿਕ ਲਿਫਾਫ਼ਿਆਂ ਦੇ ਡੀਲਰ ਦੇ ਗੁਦਾਮ ਦੀ ਵੀ ਚੈਕਿੰਗ ਕੀਤੀ ਗਈ, ਜਿਸ ਦੌਰਾਨ 200 ਕਿੱਲੋ ਪਲਾਸਟਿਕ ਦੇ ਲਿਫਾਫ਼ੇ ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਉਧਰ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਵਾਤਾਵਰਣ ਹਿਤੈਸ਼ੀ ਬਨਸਪਤੀ ਥੈਲਿਆਂ ਦਾ ਪ੍ਰਯੋਗ ਸਮੇਂ ਦੀ ਮੁੱਖ ਲੋਡ਼ ਹੈ। ਉਨ੍ਹਾਂ ਦੱਸਿਆ ਕਿ ਜਨਤਾ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਕੇ ਬਨਸਪਤੀ ਲਿਫਾਫਿਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਈ ਅਜਿਹੇ ਪਲਾਸਟਿਕ ਦੇ ਲਿਫਾਫੇ ਹੁੰਦੇ ਹਨ, ਜਿਨ੍ਹਾਂ ਦੀ ਉਮਰ 5 ਹਜ਼ਾਰ ਸਾਲ ਤੋਂ ਵੀ ਵੱਧ ਹੁੰਦੀ ਹੈ ਅਤੇ ਅਜਿਹੇ ਥੈਲੇ ਕਈ ਸਾਲਾਂ ਵਿਚ ਮਿੱਟੀ ਅੰਦਰ ਦੱਬੇ ਰਹਿੰਦੇ ਹਨ ਤੇ ਨਾ ਗਲਣ ਕਰਕੇ ਗੰਭੀਰ ਬੀਮਾਰੀਆਂ ਨੂੰ ਜਨਮ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਵੱਲੋਂ ਪਲਾਸਟਿਕ ਦੇ ਥੈਲਿਆਂ ਦੀ ਵਿਕਰੀ ’ਤੇ ਪਾਬੰਦੀ ਲਾਈ ਗਈ ਹੈ। ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਉਕਤ ਥੈਲਿਆਂ ਦੇ ਉਲਟ ਬਨਸਪਤੀ ਥੈਲੇ ਵਾਤਾਵਰਣ ਦੇ ਅਨੁਕੂਲ ਹਨ ਅਤੇ ਮਨੁੱਖੀ ਸਿਹਤ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਾਉਂਦੇ। 
ਉਨ੍ਹਾਂ ਕਿਹਾ ਕਿ ਇਹ ਥੈਲਾ ਮੱਕਾ, ਆਲੂ ਅਤੇ ਗੰਨੇ ਦੇ ਬਚੇ ਹੋਏ ਛਿਲਕਿਆਂ ਤੋਂ ਤਿਆਰ ਹੁੰਦਾ ਹੈ ਅਤੇ ਇਸ ਦਾ ਮਨੁੱਖੀ ਸਿਹਤ ’ਤੇ ਕੋਈ ਨੁਕਸਾਨ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰਕੇ ਬਨਸਪਤੀ ਥੈਲਿਆਂ ਦੀ ਵਰਤੋਂ ਕਰਨੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਟਾਰਚ ਤੋਂ ਬਣੇ ਲਿਫਾਫ਼ੇ ਲਗਭਗ 6 ਮਹੀਨੇ ਦੇ ਅੰਦਰ ਹੀ ਮਿੱਟੀ ਅਤੇ ਹਵਾ ਦੇ ਸੰਪਰਕ ਵਿਚ ਆਉਣ ਨਾਲ ਗਲ ਜਾਂਦੇ ਹਨ ਅਤੇ ਇਸ ਦਾ ਵਾਤਾਵਰਣ ’ਤੇ ਕੋਈ ਅਸਰ ਨਹੀਂ ਪੈਂਦਾ।


Related News