ਕਾਲਾ ਸੰਘਿਆਂ ਡਰੇਨ ਦਾ ਪ੍ਰਦੂਸ਼ਿਤ ਪਾਣੀ ਦੋਆਬੇ ਦੇ ਦਰਜਨਾਂ ਪਿੰਡਾਂ ਲਈ ਬਣਿਆ ‘ਖ਼ਤਰਾ’

Thursday, Jun 09, 2022 - 05:06 PM (IST)

ਕਾਲਾ ਸੰਘਿਆਂ ਡਰੇਨ ਦਾ ਪ੍ਰਦੂਸ਼ਿਤ ਪਾਣੀ ਦੋਆਬੇ ਦੇ ਦਰਜਨਾਂ ਪਿੰਡਾਂ ਲਈ ਬਣਿਆ ‘ਖ਼ਤਰਾ’

ਕਾਲਾ ਸੰਘਿਆਂ  (ਨਿੱਝਰ) : ਲੰਮਾ ਅਰਸਾ ਪਹਿਲਾਂ ਜਲੰਧਰ ਸ਼ਹਿਰ ਨੇੜਿਓਂ ਜ਼ਿਲ੍ਹਾ ਜਲੰਧਰ ਤੇ ਜ਼ਿਲ੍ਹਾ ਕਪੂਰਥਲਾ ’ਚੋਂ ਦੀ ਮੀਂਹ ਵਗੈਰਾ ਦੇ ਪਾਣੀ ਦੀ ਨਿਕਾਸੀ ਲਈ ਤਤਕਾਲੀਨ ਮੰਤਰੀ ਮਾਸਟਰ ਗੁਰਬੰਤਾ ਸਿੰਘ ਦੇ ਸਮਿਆਂ ਦੌਰਾਨ ਕੱਢੀ ਗਈ ਡਰੇਨ, ਜੋ ਕਿ ਅੱਜ-ਕੱਲ੍ਹ ‘ਕਾਲਾ ਸੰਘਿਆਂ ਡਰੇਨ’ ਦੇ ਨਾਂ ਨਾਲ ਲੋਕਾਂ ਵਿਚ ਜਾਣੀ ਜਾਂਦੀ ਹੈ, ਦੇ ਵਿਚ ਜਲੰਧਰ ਸ਼ਹਿਰ ਦੀਆਂ ਫੈਕਟਰੀਆਂ, ਮਿਊਂਸਪਲ ਕਾਰਪੋਰੇਸ਼ਨ ਤੇ ਡੇਅਰੀਆਂ ਆਦਿ ਦੀਆਂ ਜ਼ਹਿਰੀਲੀਆਂ ਰਸਾਇਣਕ ਧਾਤਾਂ ਵਿਚ ਮਿਲਿਆ ਪਾਣੀ ਦਰਜਨਾਂ ਪਿੰਡਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ। ਇਸ ਡਰੇਨ ਦੇ ਨਾਂ ਉੱਤੇ ਪਿਛਲੇ ਲੰਮੇ ਅਰਸੇ ਤੋਂ ਚਲਦੇ ਆ ਰਹੇ ਸੰਘਰਸ਼ਾਂ ਦਾ ਵੀ ਕੋਈ ਅਸਰ ਸਾਹਮਣੇ ਆਉਂਦਾ ਵਿਖਾਈ ਨਾ ਦੇਣ ਕਾਰਨ ਲੋਕਾਂ ਦਾ ਗੁੱਸਾ 7ਵੇਂ ਆਸਮਾਨ ’ਤੇ ਪੁੱਜਿਆ ਹੋਇਆ ਹੈ। ਇਸ ਗੱਲ ਦਾ ਇਜ਼ਹਾਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਲਾਕਾ ਕਾਲਾ ਸੰਘਿਆਂ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਸੰਘਾ ਗਦਰੀ ਦੀ ਪ੍ਰਧਾਨਗੀ ਹੇਠ ਅੱਜ ਇਥੇ ਹੋਈ ਕਿਸਾਨਾਂ ਦੀ ਵਿਸ਼ੇਸ਼ ਮੀਟਿੰਗ ’ਚ ਕੀਤਾ ਗਿਆ।

ਇਹ ਵੀ ਪੜ੍ਹੋ- ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ: ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ ਲਾਰੇਂਸ ਬਿਸ਼ਨੋਈ

ਡਰੇਨ ਦੇ ਨੇੜੇ-ਤੇੜੇ ਦੇ ਪੈਂਦੇ ਪਿੰਡਾਂ ਦੇ ਵਿਚ ਕਈ-ਕਈ ਕਿਲੋਮੀਟਰ ਤਕ ਰਾਤ ਨੂੰ ਇਸ ਡਰੇਨ ਦੇ ਗੰਦੇ ਪਾਣੀ ਦੀ ਬਦਬੂ ਕਾਰਨ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋਇਆ ਪਿਆ ਤੇ ਲੋਕ ਚਮੜੀ, ਕਾਲਾ ਪੀਲੀਆ, ਸਾਹ ਦੇ ਰੋਗ ਤੇ ਕੈਂਸਰ ਵਰਗੀਆਂ ਕਈ ਨਾਮੁਰਾਦ ਬੀਮਾਰੀਆਂ ਦੀ ਜਕੜ ਹੇਠ ਆ ਰਹੇ ਹਨ। ਲੋਕਾਂ ਦੀ ਇਸ ਦੁਖਦੀ ਰਗ ਉੱਤੇ ਹੱਥ ਰੱਖਣ ਵਾਲਾ ਕੋਈ ਵੀ ਸਾਹਮਣੇ ਨਹੀਂ ਆ ਰਿਹਾ। ਸਰਕਾਰਾਂ ਵੱਲੋਂ ਵੀ ਸਿਰਫ਼ ਆਨਾ-ਕਾਨੀ ਹੀ ਕੀਤੀ ਜਾ ਰਹੀ ਹੈ ਤੇ ਵੱਡੇ-ਵੱਡੇ ਦਾਅਵੇ ਮੀਡੀਆ ਵਿਚ ਕੀਤੇ ਜਾ ਰਹੇ ਹਨ, ਜਦਕਿ ਹਕੀਕਤ ਦੇ ਵਿਚ ਕੁਝ ਵੀ ਹੋ-ਵਾਪਰ ਨਹੀਂ ਰਿਹਾ।

ਫੈਕਟਰੀ ਵੱਲੋਂ ਰਾਤ ਨੂੰ ਚੋਰ ਮੋਰੀਆਂ ਰਾਹੀਂ ਡਰੇਨ ’ਚ ਸੁੱਟਿਆ ਜਾ ਰਿਹਾ ਗੰਦਾ ਪਾਣੀ
ਬੇਸ਼ੱਕ ਨਾਹਲਾਂ ਪਿੰਡ ਦੇ ਨੇੜੇ ਇਕ ਟਰੀਟਮੈਂਟ ਪਲਾਂਟ ਵੀ ਪਿਛਲੀਆਂ ਸਰਕਾਰਾਂ ਵੱਲੋਂ ਲਗਾਇਆ ਗਿਆ ਸੀ ਪਰ ਇਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਦਿਨ ਵੇਲੇ ਪਾਣੀ ਟਰੀਟ ਕਰ ਕੇ ਡਰੇਨ ਵਿਚ ਪਾਇਆ ਜਾਂਦਾ ਹੈ, ਜਦ ਕਿ ਰਾਤ ਵੇਲੇ ਚੋਰ ਮੋਰੀਆਂ ਰਾਹੀਂ ਕਾਰਖਾਨੇਦਾਰਾਂ ਵੱਲੋਂ ਗੰਦੇ ਪਾਣੀ ਨੂੰ ਡਰੇਨਾਂ ਵਿਚ ਪਾ ਦਿੱਤਾ ਜਾਂਦਾ ਹੈ। ਕਾਰਖਾਨੇਦਾਰਾਂ ਦਾ ਇਹ ਬੇਹੱਦ ਨਿੰਦਣਯੋਗ ਵਰਤਾਰਾ ਹੈ। ਮਨੁੱਖਤਾ ਦੇ ਉੱਤੇ ਬਹੁਤ ਵੱਡਾ ਜ਼ੁਲਮ ਢਾਹਿਆ ਜਾ ਰਿਹਾ ਹੈ, ਜੋ ਕਿ ਮੁਆਫ਼ੀ ਦੇਣ ਦੇ ਯੋਗ ਨਹੀਂ ਹੈ।

ਕਿਸਾਨ ਆਗੂਆਂ ਵੱਲੋਂ ਗੁ. ਪਾਤਸ਼ਾਹੀ ਛੇਵੀਂ ਟਾਹਲੀ ਸਾਹਿਬ ਦੇ ਨੇੜੇ ਡਰੇਨ ਦਾ ਦੌਰਾ
ਕਿਸਾਨ ਆਗੂਆਂ ਵੱਲੋਂ ਮੀਟਿੰਗ ਉਪਰੰਤ ਡਰੇਨ ਦਾ ਵੀ ਗੁਰਦੁਆਰਾ ਪਾਤਸ਼ਾਹੀ ਛੇਵੀਂ ਟਾਹਲੀ ਸਾਹਿਬ ਦੇ ਨੇਡ਼ੇ ਦੌਰਾ ਕਰਕੇ ਪਾਣੀ ਦੇ ਸੈਂਪਲ ਬੋਤਲਾਂ ਵਿਚ ਭਰੇ ਗਏ, ਜਿਸ ਦੌਰਾਨ ਡਰੇਨ ਵਿਚ ਵਗਦਾ ਪਾਣੀ ਬੇਹੱਦ ਜ਼ਹਿਰੀਲਾ ਤੇ ਕਾਲਾ ਸਾਹਮਣੇ ਨਜ਼ਰ ਆਇਆ। 

ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ

ਡਰੇਨ ’ਚ ਪ੍ਰਦੂਸ਼ਿਤ ਪਾਣੀ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ
ਸੁਰਿੰਦਰ ਸਿੰਘ ਸੰਘਾ ਗ਼ਦਰੀ ਨੇ ਪੰਜਾਬ ਸਰਕਾਰ ਨੂੰ ਪੁਰਜ਼ੋਰ ਸ਼ਬਦਾਂ ਵਿਚ ਅਪੀਲ ਕੀਤੀ ਕਿ ਜਾਂ ਤਾਂ ਇਸ ਡਰੇਨ ਦਾ ਕੋਈ ਹੱਲ ਕੀਤਾ ਜਾਵੇ ਤੇ ਪ੍ਰਦੂਸ਼ਿਤ ਪਾਣੀ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਇਲਾਕੇ ਦੇ ਲੋਕ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਸਿਰ ਹੋਵੇਗੀ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲਾਇਆ ਪੂਰਾ ਤਾਣ, ਪਰ...
ਵਿਸ਼ਵ ਪ੍ਰਸਿੱਧ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਨੇ ਇਸ ਡਰੇਨ ਦੇ ਗੰਦੇ ਪਾਣੀ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਲਈ ਕਰੀਬ ਡੇਢ ਦਹਾਕੇ ਤੋਂ ਪੂਰਾ ਤਾਣ ਲਾਇਆ ਹੈ ਪਰ ਅਜੇ ਤੱਕ ਵੀ ਇਹ ਮਾਮਲਾ ਪੂਰੀ ਤਰ੍ਹਾਂ ਨਾ ਸੁਲਝਣ ਕਾਰਨ ਕਰਕੇ ਲੋਕ ਮੁੜ ਤੋਂ ਆਵਾਜ਼ ਉਠਾਉਣ ਲੱਗੇ ਹਨ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸੰਤ ਸੀਚੇਵਾਲ ਦੀ ਅਗਵਾਈ ਦੇ ਵਿਚ ਕੁਝ ਅਰਸਾ ਪਹਿਲਾਂ 2 ਵਾਰ ਇਸ ਡਰੇਨ ਨੂੰ ਬੰਨ੍ਹ ਮਾਰ ਕੇ ਸਰਕਾਰਾਂ ਦੀ ਨੀਂਦ ਖੋਲ੍ਹਣ ਦਾ ਵੀ ਯਤਨ ਕੀਤਾ ਗਿਆ ਸੀ ਪਰ ਸਰਕਾਰਾਂ ਮਿੱਠੀ ਗੋਲੀ ਦੇ ਕੇ ਹਮੇਸ਼ਾ ਆਪਣੀ ਡੰਗ ਟਪਾਊ ਨੀਤੀ ਤਹਿਤ ਲੋਕਾਂ ਨੂੰ ਗੁੰਮਰਾਹ ਕਰਦੀਆਂ ਰਹੀਆਂ। ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੀ ਸਮੇਂ-ਸਮੇਂ ’ਤੇ ਦਬਾਅ ਬਣਾਇਆ ਗਿਆ । ਜਲੰਧਰ ’ਚੋਂ ਲੰਘਦੀ ਕਾਲਾ ਸੰਘਿਆ ਡਰੇਨ ਨੂੰ ਸਾਫ਼ ਕਰਨ ਦੇ ਨਗਰ ਨਿਗਮ ਜਲੰਧਰ ਦੇ ਪ੍ਰਾਜੈਕਟ ਚੱਲਦੇ ਵੀ ਸੁਣਦੇ ਆ ਰਹੇ ਹਾਂ ਪਰ ਅਜੇ ਤੱਕ ਮਾਮਲਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ ਤੇ ਡਰੇਨ ’ਚ ਚੋਰ ਮੋਰੀਆਂ ਰਾਹੀਂ ਸ਼ਹਿਰ ਦਾ ਗੰਦਾ ਪਾਣੀ ਪਾਉਣ ਦੀਆਂ ਕਨਸੋਆਂ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ- ਪੰਜਾਬ ’ਚ 'ਗੈਂਗਸਟਰਵਾਦ' ਕਾਰਨ ਵਧੀ ਪੰਜਾਬ ਪੁਲਸ ਦੀ ਚਿੰਤਾ, ਕਾਨੂੰਨ ਵਿਵਸਥਾ 'ਤੇ ਉੱਠ ਰਹੇ ਸਵਾਲ

ਕਾਲਾ ਸੰਘਿਆਂ ਡਰੇਨ ਦਾ ਪਾਣੀ ਮਨੁੱਖ ਤੇ ਪਸ਼ੂਆਂ ਲਈ ਬੇਹੱਦ ਘਾਤਕ : ਬਾਬਾ ਗਿੱਲ
ਸਮਾਜ ਸੇਵੀ ਸੰਸਥਾ ਅਕਾਦਮੀ ਆਫ਼ ਪੰਜਾਬੀ ਪੀਪਲਜ਼ ਦੇ ਸਰਪ੍ਰਸਤ ਬਾਬਾ ਬਲਦੇਵ ਕ੍ਰਿਸ਼ਨ ਸਿੰਘ ਗਿੱਲਾਂ ਵਾਲਿਆਂ ਨੇ ਆਖਿਆ ਹੈ ਕਿ ਕਾਲਾ ਸੰਘਿਆ ਡਰੇਨ ਕਾਰਨ ਲੋਕਾਂ ਦਾ ਜੀਵਨ ਅਸਤ ਵਿਅਸਤ ਹੋ ਕੇ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦ ਉਹ ਪਿੰਡ ਗਿੱਲਾਂ ਵਿਖੇ ਗੁਰਦੁਆਰਾ ਬਾਬੇ ਦੀ ਮੇਹਰ ਕੁਟੀਆ ਵਿਖੇ ਮੁੱਖ ਸੇਵਾਦਾਰ ਦੇ ਫਰਜ਼ ਨਿਭਾ ਰਹੇ ਸਨ, ਉਸ ਵਕਤ ਲੋਕਾਂ ਦੀ ਇਸ ਮੁਸ਼ਕਿਲ ਨੂੰ ਹੱਲ ਕਰਨ ਲਈ 2008-2009 ਦੇ ਵਿਚ ਗੁਰੂ ਘਰ ਵਿਖੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਅਗਵਾਈ ਵਿਚ ਪਲੇਠੀ ਮੀਟਿੰਗ ਕੀਤੀ ਗਈ ਸੀ। ਇਸ ਮੀਟਿੰਗ ਵਿਚ ਇਲਾਕੇ ਭਰ ਦੇ ਪਿੰਡਾਂ ਦੇ ਮੋਹਤਬਰ ਸੱਜਣ ਹਾਜ਼ਰ ਹੋਏ ਸਨ। ਉਸ ਉਪਰੰਤ ਇਲਾਕੇ ਭਰ ਵਿਚ ਲੋਕਾਂ ਨੂੰ ਇਸ ਡਰੇਨ ਦੇ ਗੰਦੇ ਪਾਣੀ ਖ਼ਿਲਾਫ਼ ਲਾਮਬੰਦ ਕੀਤਾ ਗਿਆ ਤੇ ਇਕ ਵੱਡੀ ਲਹਿਰ ਚਲਾਈ ਗਈ, ਜਿਸ ਕਾਰਨ ਟਰੀਟਮੈਂਟ ਪਲਾਂਟ ਵੀ ਬਣਿਆ ਤੇ ਸਬੰਧਤ ਧਿਰਾਂ ਦੇ ਉੱਪਰ ਗੰਦੇ ਪਾਣੀ ਨੂੰ ਸੁੱਟਣ ਤੇ ਰੋਕ ਲਗਾਉਣ ਲਈ ਸਮੇਂ-ਸਮੇਂ 'ਤੇ ਦਬਾਓ ਵੀ ਬਣਾਇਆ ਗਿਆ ਤੇ ਕਾਫ਼ੀ ਹੱਦ ਤਕ ਇਸ ਵਿੱਚ ਪ੍ਰਾਪਤੀ ਹੋਣ ਦੇ ਬਾਵਜੂਦ ਅਜੇ ਹੋਰ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਮਨੁੱਖਾਂ ਤੇ ਪਸ਼ੂਆਂ ਨੂੰ ਇਸ ਡਰੇਨ ਦੇ ਘਾਤਕ ਪਾਣੀ ਤੇ ਬੀਮਾਰੀਆਂ ਤੋਂ ਬਚਾਇਆ ਜਾ ਸਕੇ ।

ਨੋਟ : ਪ੍ਰਦੂਸ਼ਿਤ ਪਾਣੀਆਂ ਨੂੰ ਲੈ ਕੇ ਸਰਕਾਰ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ? ਕੁਮੈਂਟ ਕਰਕੇ  ਦਿਓ ਆਪਣੀ ਰਾਏ


 


author

Harnek Seechewal

Content Editor

Related News