ਰਾਜਗ ਸਰਕਾਰ ''ਚ ਅਜੇ ਹੋਰ ਘਮਾਸਾਨ ਛਿੜੇਗਾ!
Thursday, Jun 21, 2018 - 12:57 AM (IST)

ਜਲੰਧਰ (ਧਵਨ) - ਜੰਮੂ-ਕਸ਼ਮੀਰ 'ਚ ਭਾਜਪਾ ਵਲੋਂ ਪੀ. ਡੀ. ਪੀ. ਸਰਕਾਰ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਸੂਬਾ ਸਰਕਾਰ ਦੇ ਹੋਏ ਪਤਨ ਨੂੰ ਦੇਖਦੇ ਹੋਏ ਜੋਤਿਸ਼ੀਆਂ ਨੇ ਕਿਹਾ ਹੈ ਕਿ ਭਾਜਪਾ ਅਤੇ ਕੇਂਦਰ ਦੀ ਰਾਜਗ ਸਰਕਾਰ ਨੂੰ ਅਜੇ ਹੋਰ ਝਟਕੇ ਆਉਣ ਵਾਲੇ ਦਿਨਾਂ 'ਚ ਸਹਿਣੇ ਪੈ ਸਕਦੇ ਹਨ। ਕੈਨੇਡਾ ਦੇ ਜੋਤਿਸ਼ੀ ਪ੍ਰੋ. ਪਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਰਾਜਗ 'ਚ ਸਹਿਯੋਗੀ ਪਾਰਟਨਰਾਂ ਨਾਲ ਹੋਰ ਵਿਵਾਦ ਪੈਦਾ ਹੋ ਸਕਦਾ ਹੈ। ਇਨ੍ਹਾਂ 'ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਸ਼ਾਮਲ ਹੋ ਸਕਦੇ ਹਨ। ਇਹ ਹੈਰਾਨਗੀ ਨਹੀਂ ਹੋਵੇਗੀ ਜੇਕਰ ਨਿਤੀਸ਼ ਕੁਮਾਰ ਭਾਜਪਾ ਨੂੰ ਛੱਡ ਜਾਣ ਜਾਂ ਫਿਰ ਭਾਜਪਾ ਨਿਤੀਸ਼ ਸਰਕਾਰ ਤੋਂ ਸਮਰਥਨ ਵਾਪਸ ਲੈ ਲਵੇ। ਆਉਣ ਵਾਲੇ ਦਿਨਾਂ 'ਚ ਰਾਜਗ ਦੇ ਅੰਦਰ ਘਮਾਸਾਨ ਛਿੜਦਾ ਹੋਇਆ ਦਿਖਾਈ ਦੇਵੇਗਾ। ਦੇਸ਼ 'ਚ ਵਾਤਾਵਰਣ ਮੁੱਖ ਰੂਪ ਨਾਲ ਕਾਂਗਰਸ ਦੇ ਪੱਖ 'ਚ ਜਾਂਦਾ ਹੋਇਆ ਦਿਖਾਈ ਦੇਵੇਗਾ।
ਭਾਜਪਾ ਦੇ ਅੰਦਰ ਚਲ ਰਹੀ ਅੰਦਰੂਨੀ ਜੰਗ ਨੂੰ ਭੁਨਾਉਣ ਲਈ ਕਾਂਗਰਸ ਨੂੰ ਸਖਤ ਮਿਹਨਤ ਕਰਨੀ ਪਵੇਗੀ। ਵਿਰੋਧੀ ਪਾਰਟੀਆਂ ਨੂੰ 11 ਅਕਤੂਬਰ 2018 ਤੋਂ ਭਾਰੀ ਸਿਆਸੀ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਵਿਰੋਧੀ ਏਕਤਾ ਦੇ ਸੂਚਕ ਅੰਕ 'ਚ ਸੁਧਾਰ ਆਉਂਦਾ ਹੋਇਆ ਦਿਖਾਈ ਦੇਵੇਗਾ।
ਉਨ੍ਹਾਂ ਨੇ ਕਿਹਾ ਕਿ ਸ਼ਾਸਨ ਦੀ ਸਥਿਤੀ ਦੇਸ਼ ਦੀ ਕੁੰਡਲੀ 10ਵੇਂ ਭਾਵ ਤੋਂ ਦੇਖੀ ਜਾਂਦੀ ਹੈ। ਇਸੇ ਤਰ੍ਹਾਂ ਵਿਰੋਧੀ ਪਾਰਟੀਆਂ ਦੀ ਸਥਿਤੀ ਦਾ ਆਂਕਲਣ ਚੌਥੇ ਭਾਵ ਤੋਂ ਕੀਤਾ ਜਾਂਦਾ ਹੈ। ਕੁਲ ਮਿਲਾ ਕੇ ਵਿਰੋਧੀ ਪਾਰਟੀਆਂ ਨੂੰ 2019 ਦੀਆਂ ਚੋਣਾਂ 'ਚ ਚੰਗੀ ਸਫਲਤਾ ਮਿਲਣ ਦੀ ਭਾਰੀ ਸੰਭਾਵਨਾ ਹੈ ਕਿਉਂਕਿ 10ਵੇਂ ਭਾਵ ਦੇ ਸਵਾਮੀ ਸ਼ਨੀ ਦੀ ਤੁਲਨਾ 'ਚ ਚੌਥੇ ਭਾਵ ਦੇ ਸਵਾਮੀ ਸੂਰਜ ਦੀ ਸਥਿਤੀ ਬਹੁਤ ਸ਼ੁਭ ਹੈ।
ਚੌਥੇ ਭਾਵ ਦਾ ਸਵਾਮੀ ਸੂਰਜ ਗੋਚਰ 'ਚ ਅੰਤਰਦਸ਼ਾ ਸਵਾਮੀ ਬ੍ਰਹਿਸਪਤੀ ਨਾਲ ਦ੍ਰਿਸ਼ਟ ਹੋਣ ਕਾਰਨ ਵਿਰੋਧੀ ਪਾਰਟੀਆਂ ਨੂੰ ਬੇਮਿਸਾਲ ਸਫਲਤਾ ਦੇਣ ਦੀ ਸਮਰਥਾ ਰੱਖਦਾ ਹੈ । 2019 ਦੀਆਂ ਲੋਕ ਸਭਾ ਚੋਣਾਂ 'ਚ ਵਿਰੋਧੀ ਪਾਰਟੀਆਂ ਦੀ ਏਕਤਾ ਕਾਮਯਾਬ ਸਿੱਧ ਹੋ ਸਕਦੀ ਹੈ। ਕੁਲ ਮਿਲਾ ਕੇ ਗ੍ਰਹਿ ਚਾਲ ਤੋਂ ਪ੍ਰੇਰਿਤ ਹੁੰਦਾ ਹੈ ਕਿ 11 ਅਗਸਤ 2018ਤੋਂ ਕੇਂਦਰ 'ਚ ਨਰਿੰਦਰ ਮੋਦੀ ਸਰਕਾਰ ਲਈ ਚੁਣੌਤੀਆਂ ਹੋਰ ਵਧਣੀਆਂ ਸ਼ੁਰੂ ਹੋ ਜਾਣਗੀਆਂ। 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ 'ਚ ਸੱਤਾ ਬਦਲ ਜਾਵੇਗੀ। ਕਈ ਸਿਆਸੀ ਪਾਰਟੀਆਂ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਬੇਮਿਸਾਲ ਢੰਗ ਨਾਲ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਨਤਾ ਦਾ ਰੁਖ ਸਮਝਣਾ ਭਾਜਪਾ ਲਈ ਮੁਸ਼ਕਲ ਹੋਵੇਗਾ। ਜਨਤਾ ਆਪਣਾ ਫੈਸਲਾ ਖੁੱਲ੍ਹ ਕੇ ਨਹੀਂ ਦੱਸੇਗੀ। ਚੋਣਾਂ ਤੋਂ ਪਹਿਲਾਂ ਕੀਤੇ ਗਏ ਸਾਰੇ ਸਰਵੇ ਫੇਲ ਹੋ ਜਾਣਗੇ। ਫਰਵਰੀ-ਮਾਰਚ 2019 'ਚ ਕਈ ਸਿਆਸੀ ਪਾਰਟੀਆਂ ਜੋ ਇਸ ਸਮੇਂ ਸ਼ਾਸਨ ਦੇ ਨਾਲ ਹਨ, ਉਹ ਵੱਖਰੀਆਂ ਹੋ ਕੇ ਵਿਰੋਧੀ ਪਾਰਟੀਆਂ ਦੇ ਗੱਠਜੋੜ 'ਚ ਜਾ ਮਿਲਣਗੀਆਂ।