ਪੁਲਸ ਨੇ ਪਿਛਲੇ 3 ਮਹੀਨਿਆਂ ''ਚ 2 ਅੰਨ੍ਹੇ ਕਤਲਾਂ ਦਾ ਲਾਇਆ ਸੁਰਾਗ
Thursday, Aug 03, 2017 - 02:32 AM (IST)
ਮੋਗਾ, (ਆਜ਼ਾਦ)- ਸਥਾਨਕ ਪੁਲਸ ਵੱਲੋਂ ਪਿਛਲੇ 3 ਮਹੀਨਿਆਂ 'ਚ ਦੋ ਅੰਨ੍ਹੇ ਕਤਲਾਂ ਦਾ ਸੁਰਾਗ ਲਾ ਕੇ ਭਾਰੀ ਮਾਤਰਾ 'ਚ ਅਸਲਾ, ਨਸ਼ੀਲਾ ਪਦਾਰਥ, ਚੋਰੀ ਦੇ ਵਾਹਨ ਅਤੇ ਵੱਖ-ਵੱਖ ਮਾਮਲਿਆਂ ਵਿਚ 483 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. (ਆਈ.) ਵਜ਼ੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ਾਂ 'ਤੇ ਮੋਗਾ ਜ਼ਿਲੇ 'ਚ ਹੋਏ ਅੰਨ੍ਹੇ ਕਤਲਾਂ ਦਾ ਸੁਰਾਗ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੀ 13 ਜੂਨ, 2017 ਨੂੰ ਬਠਿੰਡਾ ਜ਼ਿਲੇ ਦੇ ਪਿੰਡ ਬੰਗੀਰਘੂ ਨਿਵਾਸੀ ਵਿਕਾਸ ਕੁਮਾਰ ਦੀ ਉਸ ਦੇ ਸਾਥੀਆਂ ਵੱਲੋਂ ਹੀ ਤੇਜ਼ਧਾਰ ਹਥਿਆਰਾਂ ਨਾਲ ਪਿੰਡ ਚੜਿੱਕ ਪੁਲ ਨਜ਼ਦੀਕ ਜ਼ਖ਼ਮੀ ਕਰ ਦਿੱਤਾ ਗਿਆ ਸੀ, ਜਿਸ ਦੀ ਬਾਅਦ 'ਚ ਸਿਵਲ ਹਸਪਤਾਲ ਮੋਗਾ ਵਿਚ ਮੌਤ ਹੋ ਗਈ ਸੀ। ਇਸ ਸਬੰਧੀ ਮ੍ਰਿਤਕ ਦੇ ਪਿਤਾ ਹਰੀਸ਼ ਕੁਮਾਰ ਪੁੱਤਰ ਦੀਵਾਨ ਚੰਦ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਿਟੀ ਸਾਊਥ, ਮੋਗਾ ਵਿਖੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੇ ਉਕਤ ਹੱਤਿਆ ਮਾਮਲੇ 'ਚ ਸ਼ਾਮਲ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ।
ਇਸੇ ਤਰ੍ਹਾਂ ਮੋਗਾ ਜ਼ਿਲੇ ਦੇ ਪਿੰਡ ਫਤਿਹ ਉੱਲਾ ਸ਼ਾਹ 'ਚ ਲਵਜੀਤ ਸਿੰਘ ਅਤੇ ਉਸ ਦੀ ਨੰਨ੍ਹੀ ਭੈਣ ਜੈਸਮੀਨ ਕੌਰ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ ਸੀ, ਜਿਸ 'ਤੇ ਥਾਣਾ ਫਤਿਹਗੜ੍ਹ ਪੰਜਤੂਰ ਦੀ ਪੁਲਸ ਵੱਲੋਂ 17 ਮਈ, 2017 ਨੂੰ ਸਵਰਨ ਸਿੰਘ ਪੁੱਤਰ ਹਰਨਾਮ ਸਿੰਘ ਦੀ ਸ਼ਿਕਾਇਤ 'ਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ। ਪੁਲਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਬੱਚਿਆਂ ਦੇ ਪਿਤਾ ਸ਼ੇਰ ਸਿੰਘ ਨੂੰ ਉਕਤ ਮਾਮਲੇ 'ਚ ਨਾਮਜ਼ਦ ਕਰ ਕੇ ਕਾਬੂ ਕਰ ਲਿਆ ਸੀ।
ਐੱਨ. ਡੀ. ਪੀ. ਐੱਸ. ਐਕਟ ਤਹਿਤ 256 ਕਾਬੂ
ਐੱਸ. ਪੀ. (ਆਈ.) ਵਜ਼ੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ 'ਚ 222 ਮਾਮਲੇ ਦਰਜ ਕੀਤੇ ਗਏ ਸਨ। ਉਕਤ ਮਾਮਲਿਆਂ 'ਚ 256 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੇ ਕੋਲੋਂ 43 ਕੁਇੰਟਲ 48 ਕਿਲੋ 300 ਗ੍ਰਾਮ ਚੂਰਾ ਪੋਸਤ, 10 ਕਿਲੋ 200 ਗ੍ਰਾਮ ਅਫੀਮ, 652 ਗ੍ਰਾਮ ਹੈਰੋਇਨ, 130 ਗ੍ਰਾਮ ਸਮੈਕ, 4 ਕਿਲੋ 500 ਗ੍ਰਾਮ ਨਸ਼ੀਲਾ ਪਾਊਡਰ, 5 ਲੱਖ 78 ਹਜ਼ਾਰ 226 ਨਸ਼ੀਲੀ ਗੋਲੀਆਂ ਅਤੇ ਕੈਪਸੂਲ, 2691 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ।
ਐਕਸਾਈਜ਼ ਐਕਟ ਤਹਿਤ 172 ਮੁਕੱਦਮੇ ਦਰਜ
ਉਨ੍ਹਾਂ ਦੱਸਿਆ ਕਿ ਮੋਗਾ ਪੁਲਸ ਵੱਲੋਂ ਐਕਸਾਈਜ਼ ਐਕਟ ਤਹਿਤ 172 ਮੁਕੱਦਮੇ ਦਰਜ ਕੀਤੇ, ਜਿਨ੍ਹਾਂ 'ਚ 178 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 1 ਲੱਖ 17 ਹਜ਼ਾਰ 214.500 ਲੀਟਰ ਸ਼ਰਾਬ ਠੇਕਾ, 745.270 ਲੀਟਰ ਨਾਜਾਇਜ਼ ਸ਼ਰਾਬ, 5711 ਕਿਲੋ ਲਾਹਣ ਅਤੇ ਸ਼ਰਾਬ ਦੀਆਂ ਦੋ ਚਾਲੂ ਭੱਠੀਆਂ ਫੜੀਆਂ ਗਈਆਂ।
ਭਾਰੀ ਮਾਤਰਾ 'ਚ ਅਸਲਾ ਤੇ ਕਾਰਤੂਸ ਮਿਲੇ
ਪੁਲਸ ਨੇ ਹੁਣ ਤੱਕ ਵੱਖ-ਵੱਖ ਬੋਰਾਂ ਦੇ 22 ਹਥਿਆਰਾਂ ਸਣੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ, ਜਿਨ੍ਹਾਂ 'ਚੋਂ 4 ਰਿਵਾਲਵਰ 32 ਬੋਰ, 14 ਪਿਸਟਲਾਂ, ਇਕ ਰਾਇਫਲ 315 ਬੋਰ (ਗੰਨ), 117 ਜ਼ਿੰਦਾ ਕਾਰਤੂਸ, ਖਾਲੀ ਕਾਰਤੂਸ 1, ਮੈਗਜ਼ੀਨਜ਼ 8 ਅਤੇ 7.62 ਐੱਮ. ਐੱਮ. ਦੇ 1 ਕਾਰਤੂਸ ਤੋਂ ਇਲਾਵਾ ਇਕ ਬ੍ਰਿਜ ਬਲਾਕ ਬਰਾਮਦ ਕੀਤਾ ਗਿਆ।
