ਬਹੁਤੇ ਥਾਣਿਆਂ ''ਚ ਨਹੀਂ ਔਰਤਾਂ ਲਈ ਵੱਖਰੇ ਪਖਾਨੇ
Wednesday, Sep 20, 2017 - 01:20 AM (IST)

ਫਿਰੋਜ਼ਪੁਰ(ਮਲਹੋਤਰਾ, ਕੁਮਾਰ)—ਜ਼ਿਲੇ ਦੇ ਪੁਲਸ ਥਾਣਿਆਂ 'ਚ ਔਰਤਾਂ ਲਈ ਬਣਾਏ ਗਏ ਹਵਾਲਾਤਾਂ ਦਾ ਸਟੋਰ ਦੇ ਤੌਰ 'ਤੇ ਇਸਤੇਮਾਲ ਹੋ ਰਿਹਾ ਹੈ ਤੇ ਜ਼ਿਲੇ ਦੇ ਜ਼ਿਆਦਾਤਰ ਥਾਣਿਆਂ 'ਚ ਔਰਤਾਂ ਦੇ ਲਈ ਅਲੱਗ ਤੋਂ ਪਖਾਨੇ ਦੀ ਕੋਈ ਵਿਵਸਥਾ ਵੀ ਨਹੀਂ ਹੈ, ਜਿਸ ਕਾਰਨ ਮੋਦੀ ਸਰਕਾਰ ਦੇ ਸਵੱਛ ਭਾਰਤ ਦੀ ਹਵਾ ਲੋਕਾਂ ਨੂੰ ਸੁਰੱਖਿਆ ਅਤੇ ਇਨਸਾਫ ਦੇਣ ਲਈ ਬਣਾਏ ਗਏ ਥਾਣਿਆਂ 'ਤੇ ਆ ਕੇ ਨਿਕਲ ਜਾਂਦੀ ਹੈ। ਮੰਗਲਵਾਰ ਨੂੰ ਜਦੋਂ ਫਿਰੋਜ਼ਪੁਰ ਸਿਟੀ, ਸਦਰ, ਕੈਂਟ ਤੇ ਮਹਿਲਾ ਥਾਣਿਆਂ 'ਚ ਬਣਾਏ ਗਏ ਔਰਤਾਂ ਦੇ ਪਖਾਨਿਆਂ ਦੀ ਜਾਂਚ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਥਾਣਾ ਸਿਟੀ 'ਚ ਬਣਾਏ ਗਏ ਮਹਿਲਾ ਪਖਾਨੇ 'ਤੇ ਤਾਲਾ ਲੱਗਾ ਹੋਇਆ ਸੀ। ਉਥੇ ਤਾਇਨਾਤ ਅਮਲੇ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਤਾਲਾ ਲੰਬੇ ਸਮੇਂ ਤੋਂ ਲੱਗਾ ਹੋਇਆ ਹੈ। ਇੰਨਾ ਹੀ ਨਹੀਂ ਬਾਹਰ ਵੀ ਗੰਦਗੀ ਦਾ ਮਾਹੌਲ ਸੀ। ਥਾਣਾ ਸਿਟੀ 'ਚ ਇਸ ਸਮੇਂ ਐੱਸ. ਐੱਚ. ਓ., ਐੱਸ. ਆਈ., ਏ. ਐੱਸ. ਆਈ. ਅਤੇ ਮਹਿਲਾ ਕਰਮੀਆਂ ਸਮੇਤ ਕਰੀਬ 35 ਸਟਾਫ ਤਾਇਨਾਤ ਹਨ ਪਰ ਭਗਵਾਨ ਜਾਣੇ ਕਿ ਇਥੇ ਔਰਤਾਂ ਲਈ ਪਖਾਨੇ ਦੀ ਕੀ ਵਿਵਸਥਾ ਹੈ। ਜਦੋਂ ਥਾਣਾ ਸਦਰ 'ਚ ਦੇਖਿਆ ਗਿਆ ਤਾਂ ਉਥੇ ਔਰਤਾਂ ਲਈ ਅਲੱਗ ਤੋਂ ਪਖਾਨਾ ਬਣਾਇਆ ਹੋਇਆ ਸੀ ਪਰ ਉਥੇ ਸਥਿਤੀ ਬਹੁਤ ਖਰਾਬ ਸੀ। ਇਸ ਦੇ ਬਾਅਦ ਥਾਣਾ ਛਾਉਣੀ 'ਚ ਹਾਲਾਤ ਦੇਖੇ ਗਏ ਤਾਂ ਸਭ ਤੋਂ ਗੰਭੀਰ ਸਥਿਤੀ ਉਥੇ ਦੇਖਣ ਨੂੰ ਮਿਲੀ। ਪਖਾਨੇ ਦੇ ਦਰਵਾਜ਼ੇ ਹੀ ਨਹੀਂ ਹਨ, ਅੰਦਰ ਗੰਦਾ ਪਾਣੀ ਭਰਿਆ ਪਿਆ ਹੈ, ਪਾਣੀ ਦੀ ਨਿਕਾਸੀ ਦੀ ਵਿਵਸਥਾ ਵੀ ਨਹੀਂ ਹੈ। ਕਰੀਬ 150 ਕਰਮਚਾਰੀਆਂ ਦੇ ਲਈ ਇਕ ਪਖਾਨਾ ਥਾਣੇ ਦੇ ਬਾਹਰ ਬਣਾਇਆ ਗਿਆ ਹੈ, ਔਰਤਾਂ ਲਈ ਪਖਾਨੇ ਦੀ ਕੋਈ ਵਿਵਸਥਾ ਨਹੀਂ ਹੈ। ਅਕਸਰ ਹੀ ਪੁਲਸ ਥਾਣਿਆਂ 'ਚ ਇਨ੍ਹਾਂ ਦਿਨਾਂ 'ਚ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਟਾਫ ਤਾਇਨਾਤ ਹੈ ਤੇ ਔਰਤਾਂ ਪੁਲਸ ਕੇਸਾਂ ਅਤੇ ਜਾਂਚ 'ਚ ਸ਼ਾਮਲ ਹੋਣ ਲਈ ਆਉਂਦੀਆਂ ਹਨ ਪਰ ਉਨ੍ਹਾਂ ਦੇ ਲਈ ਪਖਾਨੇ ਦੀ ਕੋਈ ਵਿਵਸਥਾ ਨਾ ਹੋਣਾ ਬਦਕਿਸਮਤੀ ਹੈ। ਕੇਂਦਰ ਦੀ ਮੋਦੀ ਸਰਕਾਰ ਪੂਰੇ ਦੇਸ਼ 'ਚ ਸਵੱਛਤਾ ਦਾ ਢਿੰਢੋਰਾ ਪਿੱਟ ਕੇ ਖੁੱਲ੍ਹੇ 'ਚ ਪਖਾਨੇ ਨਾ ਜਾਣ ਲÎਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਸ਼ਹਿਰਾਂ ਤੇ ਪਿੰਡਾਂ 'ਚ ਪਖਾਨੇ ਬਣਵਾਏ ਜਾ ਰਹੇ ਪਰ ਇਥੇ ਸਥਿਤੀ ਇਸ ਤੋਂ ਬਿਲਕੁੱਲ ਉਲਟ ਹੈ। ਪੁਲਸ ਥਾਣਿਆਂ ਵਰਗੀਆਂ ਸੁਰੱਖਿਆ ਥਾਵਾਂ 'ਤੇ ਔਰਤਾਂ ਦੇ ਪਖਾਨਿਆਂ ਦੀ ਵਿਵਸਥਾ ਨਹੀਂ ਹੈ ਜੋ ਬੇਹੱਦ ਗੰਭੀਰ ਵਿਸ਼ਾ ਹੈ।
ਵੂਮੈਨ ਪੁਲਸ ਸਟੇਸ਼ਨ ਦੀ ਵਧੀਆ ਕਾਰਗੁਜ਼ਾਰੀ
ਜ਼ਿਲਾ ਹੈੱਡ ਕੁਆਰਟਰ 'ਤੇ ਸਥਿਤ ਵੂਮੈਨ ਸੈੱਲ ਥਾਣਾ ਜਿਥੇ ਚਾਰ ਵਿਧਾਨ ਸਭਾ ਖੇਤਰਾਂ ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ, ਜ਼ੀਰਾ ਅਤੇ ਗੁਰੂਹਰਸਹਾਏ ਨਾਲ ਸਬੰਧਿਤ ਮਹਿਲਾਵਾਂ ਦੇ ਕੇਸ ਪਹੁੰਚਦੇ ਹਨ। ਇਥੇ 6 ਮਹਿਲਾ ਪੁਲਸ ਅਧਿਕਾਰੀਆਂ ਅਤੇ ਕਮਰਚਾਰੀਆਂ ਦੇ ਇਲਾਵਾ ਕਰੀਬ 30 ਲੋਕਾਂ ਦਾ ਸਟਾਫ ਹੈ ਅਤੇ ਕੇਸਾਂ ਦੇ ਸਬੰਧ 'ਚ ਰੋਜ਼ਾਨਾ ਦਰਜਨਾਂ ਮਹਿਲਾਵਾਂ ਦਾ ਆਉਣਾ-ਜਾਣਾ ਰਹਿੰਦਾ ਹੈ।
ਇਥੇ ਮਹਿਲਾ ਪਖਾਨੇ ਦੀ ਸਥਿਤੀ ਕਾਫੀ ਸਾਫ ਸੁਥਰੀ ਤੇ ਸੁਰੱਖਿਅਤ ਹੈ। ਇਸ ਥਾਣੇ ਦੇ ਪਖਾਨੇ 'ਸਵੱਛਤਾ ਅਭਿਆਨ' ਦਾ ਦਮ ਭਰਦੇ ਨਜ਼ਰ ਆਏ।