‘ਆਪ’ ਕੌਂਸਲਰ ਮੁਹੰਮਦ ਅਕਬਰ ਕਤਲਕਾਂਡ ਦੀ ਗੁੱਥੀ ਪੁਲਸ ਨੇ 12 ਘੰਟਿਆਂ ’ਚ ਸੁਲਝਾਈ, 3 ਦੋਸ਼ੀ ਗ੍ਰਿਫ਼ਤਾਰ

08/01/2022 11:36:41 PM

ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ/ਭੂਪੇਸ਼) : ‘ਆਪ’ ਦੇ ਕੌਂਸਲਰ ਮੁਹੰਮਦ ਅਕਬਰ ਭੋਲੀ ਦਾ ਲੰਘੀ ਕੱਲ ਸਵੇਰੇ ਆਪਣੇ ਜਿਮ ’ਚ ਕਸਰਤ ਕਰਦਿਆਂ ਦੋ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਕੀਤੇ ਗਏ ਕਤਲ ਦੀ ਗੁੱਥੀ ਨੂੰ ਮਾਲੇਰਕੋਟਲਾ ਪੁਲਸ ਨੇ 12 ਘੰਟਿਆਂ ਅੰਦਰ ਹੀ ਸੁਲਝਾ ਲਿਆ। ਪੁਲਸ ਨੇ ਇਸ ਕਤਲ ਦੇ ਮਾਮਲੇ ਨਾਲ ਜੁੜੇ ਹੋਏ ਤਿੰਨ ਵਿਅਕਤੀਆਂ ਇਕਬਾਲ ਉਰਫ ਸੋਨੀ ਪੁੱਤਰ ਮੁਹੰਮਦ ਨਜ਼ੀਰ ਵਾਸੀ ਇਸਮਾਇਲ ਬਸਤੀ ਨਜ਼ਦੀਕ ਮਾਨਾ ਫਾਟਕ ਮਾਲੇਰਕੋਟਲਾ, ਮੁਹੰਮਦ ਸ਼ਾਦਾਵ ਪੁੱਤਰ ਨਸੀਮ ਵਾਸੀ ਪੀਰੜ ਥਾਣਾ ਨਾਗਲ ਜ਼ਿਲ੍ਹਾ ਸਹਾਰਨਪੁਰ ਯੂ.ਪੀ. ਅਤੇ ਤਹਿਸੀਮ ਪੁੱਤਰ ਨਸੀਮ ਵਾਸੀ ਬਦਰਾ ਥਾਣਾ ਤੀਤਵੀ ਜ਼ਿਲ੍ਹਾ ਮੁਜ਼ੱਫ਼ਰਨਗਰ ਯੂ.ਪੀ. ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇਸ ਕਤਲ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਵੇਂ ਦੋਸ਼ੀ ਮੁਹੰਮਦ ਆਸਿਫ ਪੁੱਤਰ ਮੁਹੰਮਦ ਅਖਤਰ ਵਾਸੀ ਛੋਟਾ ਖਾਰਾ ਨੇੜੇ ਮਾਨਾ ਫਾਟਕ ਮਾਲੇਰਕੋਟਲਾ ਤੇ ਮੁਹੰਮਦ ਮੁਰਸ਼ਦ ਪੁੱਤਰ ਮੁਹੰਮਦ ਸ਼ਮਸ਼ਾਦ ਵਾਸੀ ਮੁਹੱਲਾ ਬਾਲੂ ਕੀ ਬਸਤੀ ਮਾਲੇਰਕੋਟਲਾ ਹਾਲੇ ਫਰਾਰ ਹਨ। ਇਨ੍ਹਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਹੋਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ‘ਮਾਨ ਸਰਕਾਰ’ ਨੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਹੇੜੇ ਇਹ ਵੱਡੇ ਵਿਵਾਦ

ਮੁਖਵਿੰਦਰ ਸਿੰਘ ਛੀਨਾ ਆਈ. ਪੀ. ਐੱਸ. ਆਈ. ਜੀ. ਪਟਿਆਲਾ ਰੇਂਜ ਅਤੇ ਅਵਨੀਤ ਕੌਰ ਐੱਸ. ਐੱਸ. ਪੀ. ਮਾਲੇਰਕੋਟਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਉਪਰੋਕਤ ਖ਼ੁਲਾਸਾ ਕਰਦਿਆਂ ਦਾਅਵਾ ਕੀਤਾ ਕਿ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਵੇਂ ਫਰਾਰ ਮੁੱਖ ਦੋਸ਼ੀਆਂ ਮੁਹੰਮਦ ਆਸਿਫ ਅਤੇ ਮੁਹੰਮਦ ਮੁਰਸ਼ਦ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਆਈ. ਜੀ. ਛੀਨਾ ਅਤੇ ਮੈਡਮ ਅਵਨੀਤ ਕੌਰ ਨੇ ਇਸ ਕਤਲ ਦੀ ਘਟਨਾ ਪਿੱਛੇ ਦੀ ਸਾਜ਼ਿਸ਼ ਸਬੰਧੀ ਵਿਸਥਾਰ ਸਹਿਤ ਪੱਤਰਕਾਰਾਂ ਸਾਹਮਣੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਸਥਾਨਕ ਲੁਧਿਆਣਾ ਬਾਈਪਾਸ ਨੇੜਲੇ ਜਿਮ ਦੇ ਮਾਲਕ ਅਤੇ ਕੌਂਸਲਰ ਮੁਹੰਮਦ ਅਕਬਰ ਉਰਫ ਭੋਲੀ ਨੇ ਸਥਾਨਕ ਗਰੇਵਾਲ ਚੌਕ ’ਚ ਸਥਿਤ ਆਪਣੀ ਇਕ ਦੁਕਾਨ ਵਸੀਮ ਇਕਬਾਲ ਉਰਫ ਸੋਨੀ ਨੂੰ ਤਕਰੀਬਨ 13-14 ਸਾਲ ਤੋਂ ਕਿਰਾਏ ’ਤੇ ਦਿੱਤੀ ਹੋਈ ਸੀ, ਜਿਸ ’ਚ ਉਹ ਸੋਨੀ’ਜ਼ ਆਟੋ ਡੀਲਰ ਦੇ ਨਾਂ ’ਤੇ ਪੁਰਾਣੇ ਮੋਟਰਸਾਈਕਲ ਖਰੀਦਣ ਤੇ ਵੇਚਣ ਦਾ ਕੰਮ ਕਰਦਾ ਸੀ। ਵਸੀਮ ਇਕਬਾਲ ਦਾ ਮੁਹੰਮਦ ਅਕਬਰ ਉਰਫ ਭੋਲੀ ਨਾਲ ਕਾਫ਼ੀ ਪੈਸਿਆਂ ਦਾ ਲੈਣ-ਦੇਣ ਵੀ ਚੱਲਦਾ ਸੀ। ਇਸ ਦੌਰਾਨ ਵਸੀਮ ਇਕਬਾਲ ਉਕਤ ਸਾਲ 2015 ਤੋਂ ਹੁਣ ਤੱਕ ਅਕਬਰ ਉਰਫ ਭੋਲੀ ਤੋਂ ਤਕਰੀਬਨ ਢਾਈ ਕਰੋੜ ਰੁਪਿਆ ਲੈ ਕੇ ਮੋਟਰਸਾਈਕਲਾਂ ਅਤੇ ਕੱਪੜੇ ਦੇ ਵਪਾਰ ’ਚ ਲਗਾ ਚੁੱਕਾ ਸੀ।

ਇਹ ਖ਼ਬਰ ਵੀ ਪੜ੍ਹੋ : ਬਰਖ਼ਾਸਤ ਇੰਸਪੈਕਟਰ ਬਾਜਵਾ ਦੇ ਘਰੋਂ 3710 ਨਸ਼ੇ ਵਾਲੀਆਂ ਗੋਲ਼ੀਆਂ ਤੇ ਨਸ਼ੀਲਾ ਪਾਊਡਰ ਬਰਾਮਦ

ਮਰਹੂਮ ਕੌਂਸਲਰ ਅਕਬਰ ਉਰਫ ਭੋਲੀ ਹੁਣ ਪਿਛਲੇ ਤਕਰੀਬਨ ਇਕ ਹਫ਼ਤੇ ਤੋਂ ਵਸੀਮ ਇਕਬਾਲ ਉਰਫ ਸੋਨੀ ਤੋਂ ਆਪਣੇ ਪੈਸੇ ਵਾਪਸ ਮੰਗ ਰਿਹਾ ਸੀ। ਵਸੀਮ ਉਰਫ ਸੋਨੀ ਉਕਤ ਨੇ ਅਕਬਰ ਉਰਫ ਭੋਲੀ ਨੂੰ ਉਸਦੇ ਪੈਸੇ ਵਾਪਸ ਕਰਨ ਦੀ ਬਜਾਏ ਆਪਣੇ ਦੂਜੇ ਵਿਆਹ ਦੇ ਸਾਲੇ ਮੁਹੰਮਦ ਆਸ਼ਿਫ ਪੁੱਤਰ ਮੁਹੰਮਦ ਅਖਤਰ ਵਾਸੀ ਛੋਟਾ ਖਾਰਾ ਨੇੜੇ ਮਾਨਾ ਫਾਟਕ ਮਾਲੇਰਕੋਟਲਾ ਨਾਲ ਮਿਲ ਕੇ ਕੌਂਸਲਰ ਅਕਬਰ ਭੋਲੀ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚ ਲਈ। ਪੁਲਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਘਟਨਾ ਨੂੰ ਅੰਜ਼ਾਮ ਦੇਣ ਤੋਂ ਦੋ ਤਿੰਨ ਦਿਨ ਪਹਿਲਾਂ ਸਾਜ਼ਿਸ਼ਕਰਤਾ ਵਸੀਮ ਇਕਬਾਲ ਉਰਫ ਸੋਨੀ ਆਪਣੇ ਇਕ ਦੋਸਤ ਬੰਟੀ ਵਾਸੀ ਮਾਲੇਰਕੋਟਲਾ ਦੀ ਫਾਰਚੂਨਰ ਗੱਡੀ ਉਸ ਤੋਂ ਪੰਚਕੂਲੇ ਜਾਣ ਦਾ ਬਹਾਨਾ ਬਣਾ ਕੇ ਲੈ ਆਇਆ ਅਤੇ ਆਪਣੇ ਨਾਲ ਆਪਣੀ ਪਤਨੀ ਪ੍ਰਵੀਨ ਸਮੇਤ ਦੋ ਹੋਰ ਪਛਾਣ ਵਾਲੇ ਵਿਅਕਤੀਆਂ ਮੁਹੰਮਦ ਸ਼ਾਦਾਵ ਪੁੱਤਰ ਨਸੀਮ ਵਾਸੀ ਪੀਰੜ ਥਾਣਾ ਨਾਗਲ ਜ਼ਿਲ੍ਹਾ ਸਹਾਰਨਪੁਰ ਯੂ.ਪੀ. ਅਤੇ ਤਹਿਸੀਮ ਪੁੱਤਰ ਨਸੀਮ ਵਾਸੀ ਬਦਰਾ ਥਾਣਾ ਤੀਤਵੀ ਜ਼ਿਲ੍ਹਾ ਮੁਜ਼ੱਫਰਨਗਰ ਯੂ.ਪੀ., ਜੋ ਵਸੀਮ ਇਕਬਾਲ ਨਾਲ ਮੋਟਰਸਾਈਕਲ ਵੇਚਣ-ਖ੍ਰੀਦਣ ਤੇ ਲੈਣ-ਦੇਣ ਦਾ ਕੰਮ ਕਰਦੇ ਹਨ, ਨੂੰ ਨਾਲ ਲੈ ਕੇ ਯੂ.ਪੀ. ਦੇ ਸ਼ਾਮਲੀ ਕੋਲ ਸਥਿਤ ਪਿੰਡ ਬਗਰਾ ਵਿਖੇ ਚਲਾ ਗਿਆ, ਜਿਥੇ ਸ਼ਾਦਾਵ ਅਤੇ ਤਹਿਸੀਮ ਨੇ ਆਪਣੇ ਜਾਣ-ਪਛਾਣ ਵਾਲੇ ਵਿਅਕਤੀ ਤੋਂ ਇਕ ਦੇਸੀ ਕੱਟਾ ਅਤੇ ਪੰਜ ਕਾਰਤੂਸ ਜ਼ਿਦਾ ਕੁੱਲ 9000/- ਰੁਪਏ ’ਚ ਮੁੱਲ ਲੈ ਕੇ ਦਿੱਤੇ ਸਨ। ਉਕਤ ਅਸਲਾ ਲੈ ਕੇ ਵਸੀਮ ਇਕਬਾਲ ਉਰਫ ਸੋਨੀ 31 ਜੁਲਾਈ ਦੀ ਰਾਤ ਨੂੰ ਕਰੀਬ ਸਾਡੇ ਤਿੰਨ ਵਜੇ ਸਵੇਰੇ ਮਾਲੇਰਕੋਟਲਾ ਵਾਪਸ ਆਇਆ ਸੀ।

ਇਥੇ ਆ ਕੇ ਉਸ ਨੇ ਦੇਸੀ ਕੱਟਾ ਅਤੇ ਕਾਰਤੂਸ ਆਪਣੇ ਸਾਲੇ ਮੁਹੰਮਦ ਆਸ਼ਿਫ ਨੂੰ ਦੇ ਦਿੱਤੇ ਸਨ। ਫਿਰ ਮੁਹੰਮਦ ਆਸ਼ਿਫ ਆਪਣੇ ਇਕ ਦੋਸਤ ਮੁਹੰਮਦ ਮੁਰਸ਼ਦ ਪੁੱਤਰ ਮੁਹੰਮਦ ਸ਼ਮਸ਼ਾਦ ਵਾਸੀ ਮੁਹੱਲਾ ਬਾਲੂ ਕੀ ਬਸਤੀ ਮਾਲੇਰਕੋਟਲਾ ਨੂੰ ਨਾਲ ਲੈ ਕੇ ਵਸੀਮ ਇਕਬਾਲ ਸੋਨੀ ਉਕਤ ਦੀ ਦੁਕਾਨ ਤੋਂ ਇਕ ਮੋਟਰਸਾਇਕਲ ਲੈ ਕੇ ਵਾਰਦਾਤ ਵਾਲੀ ਜਗ੍ਹਾ ’ਤੇ ਚਲਾ ਗਿਆ, ਜਿਥੇ ਉਨ੍ਹਾਂ ਨੇ ਮੁਹੰਮਦ ਅਕਬਰ ਉਰਫ ਭੋਲੀ ਨੂੰ ਜਿਮ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਆਈ. ਜੀ. ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ ਤੇ ਪੁੱਜ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਾਲੇਰਕੋਟਲਾ ਨੇ ਮ੍ਰਿਤਕ ਮੁਹੰਮਦ ਅਕਬਰ ਦੀ ਪਤਨੀ ਅਕਬਰੀ ਦੇ ਬਿਆਨ ’ਤੇ ਮੁਕੱਦਮਾ ਨੰਬਰ-177 ਧਾਰਾ 302, 34 ਆਈ. ਪੀ. ਸੀ. ਅਤੇ 25/54/59 ਆਰਮਜ਼ ਐਕਟ ਥਾਣਾ ਸਿਟੀ-1 ਮਾਲੇਰਕੋਟਲਾ ਦਰਜ ਰਜਿਸਟਰ ਕਰਕੇ ਤਫ਼ਤੀਸ਼ ਆਰੰਭ ਕੀਤੀ। ਤਫ਼ਤੀਸ਼ ਦੌਰਾਨ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਸ ਨੇ ਇਨ੍ਹਾਂ ਦੋਸ਼ੀਆਂ ’ਚੋਂ ਤਿੰਨ ਦੋਸ਼ੀਆਂ ਵਸੀਮ ਇਕਬਾਲ ਉਰਫ ਸੋਨੀ, ਮੁਹੰਮਦ ਸ਼ਾਦਾਵ ਅਤੇ ਤਹਿਸੀਮ ਨੂੰ ਉਕਤ ਫਾਰਚੂਨਰ ਗੱਡੀ ਸਮੇਤ ਅੱਜ ਗ੍ਰਿਫ਼ਤਾਰ ਕਰ ਲਿਆ। ਬਾਕੀ ਦੋਵਾਂ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਮੁਹੰਮਦ ਮੁਰਸ਼ਦ ਖ਼ਿਲਾਫ਼ ਪਹਿਲਾਂ ਵੀ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਹੈ।
 


Manoj

Content Editor

Related News