ਸ਼ੱਕੀ ਹਾਲਤ ’ਚ ਵਿਆਹੁਤਾ ਔਰਤ ਦੀ ਮੌਤ, ਪੇਕੇ ਪਰਿਵਾਰ ਨੇ ਲਾਏ ਕਤਲ ਦੇ ਦੋਸ਼

02/26/2020 2:42:22 PM

ਬਰਨਾਲਾ (ਵਿਵੇਕ ਸਿੰਧਵਾਨੀ)— ਸ਼ੱਕੀ ਹਾਲਾਤ ’ਚ ਇਕ ਵਿਆਹੁਤਾ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ ’ਤੇ ਦੋਸ਼ ਲਗਾਇਆ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਦਾ ਕਤਲ ਕੀਤਾ ਗਿਆ ਹੈ। ਸਹੁਰਾ ਪਰਿਵਾਰ ’ਤੇ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ’ਚ ਧਰਨਾ ਲਗਾਇਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ’ਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਸਨ।

3 ਲੜਕੀਆਂ ਹੋਣ ਕਰਕੇ ਸਹੁਰਾ ਪਰਿਵਾਰ ਕਰਦਾ ਸੀ ਤੰਗ
ਮਿ੍ਰਤਕਾ ਦੀ ਭੈਣ ਨੇ ਦੱਸਿਆ ਕਿ ਮੇਰੀ ਭੈਣ ਦੇ ਤਿੰਨ ਲੜਕੀਆਂ ਹੀ ਸਨ, ਇਸ ਲਈ ਸਹੁਰਾ ਪਰਿਵਾਰ ਉਸ ਨੂੰ ਤੰਗ ਕਰਦਾ ਰਹਿੰਦਾ ਸੀ। ਸਿਵਲ ਹਸਪਤਾਲ ’ਚ ਗੱਲਬਾਤ ਕਰਦੇ ਹੋਏ ਮ੍ਰਿਤਕਾ ਮਨਜਿੰਦਰ ਕੌਰ ਨਿਵਾਸੀ ਢਿੱਲਵਾਂ ਦੇ ਭਰਾ ਬਲੌਰ ਸਿੰਘ ਨੇ ਦੱਸਿਆ ਕਿ ਮੇਰੀ ਭੈਣ ਮਨਜਿੰਦਰ ਕੌਰ ਦਾ ਵਿਆਹ 12 ਸਾਲ ਪਹਿਲਾਂ ਰਜਿੰਦਰ ਸਿੰਘ ਉਰਫ ਜੰਟਾ ਨਿਵਾਸੀ ਅਸਪਾਲ ਕਲਾਂ ਨਾਲ ਹੋਇਆ ਸੀ। ਬਲੌਰ ਸਿਘ ਫੌਜ ’ਚ ਨੌਕਰੀ ਕਰਦਾ ਹੈ। ਉਸ ਨੇ ਦੱਸਿਆ ਕਿ ਮੇਰੀ ਭੈਣ ਦੇ ਤਿੰਨ ਲੜਕੀਆਂ ਹੀ ਸਨ। ਇਸ ਲਈ ਸਹੁਰਾ ਪਰਿਵਾਰ ਉਸ ਨੂੰ ਤੰਗ ਕਰਦਾ ਸੀ। 

PunjabKesari

ਬੀਤੇ ਦਿਨੀਂ 12 ਵਜੇ ਦੇ ਕਰੀਬ ਸਾਨੂੰ ਮਨਜਿੰਦਰ ਕੌਰ ਦੇ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡੀ ਭੈਣ ਦੀ ਮੌਤ ਹੋ ਗਈ ਹੈ ਅਤੇ ਉਸ ਦੇ ਅੰਤਿਮ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਹੈ। ਤੁਸੀਂ ਜਲਦੀ ਆ ਜਾਵੋ। ਜਦੋਂ ਅਸੀਂ ਪਹੁੰਚੇ ਤਾਂ ਮਨਜਿੰਦਰ ਨੂੰ ਨਹਾ ਕੇ ਅੰਤਿਮ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਸੀ। ਅਸੀਂ ਜਾ ਕੇ ਪੁਲਸ ਨੂੰ ਸੂਚਨਾ ਦਿੱਤੀ। ਸਹੁਰੇ ਪਰਿਵਾਰ ਦਾ ਕਹਿਣਾ ਸੀ ਕਿ ਇਸ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕੀਤੀ ਹੈ। ਭਰਾ ਨੇ ਦੋਸ਼ ਲਗਾਏ ਕਿ ਮਨਜਿੰਦਰ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ। ਸਹੁਰੇ ਪਰਿਵਾਰ ’ਤੇ ਕਤਲ ਦਾ ਕੇਸ ਦਰਜ ਕੀਤਾ ਜਾਵੇ। ਜਦੋਂਕਿ ਪੁਲਸ ਨੇ ਆਤਮ ਹੱਤਿਆ ਲਈ ਮਜ਼ਬੂਰ ਕਰਨ ’ਤੇ ਸਹੁਰੇ ਪਰਿਵਾਰ ’ਤੇ ਕੇਸ ਦਰਜ ਕੀਤਾ ਹੈ। ਇਸ ਮੌਕੇ ਜਗਰਾਜ ਸਿੰਘ, ਲਖਵਿੰਦਰ ਸਿੰਘ, ਚਮਕੌਰ ਸਿੰਘ, ਸੇਵਾ ਸਿੰਘ, ਮੇਲਾ ਸਿੰਘ ਆਦਿ ਵੀ ਹਾਜ਼ਰ ਸਨ।

ਮ੍ਰਿਤਕਾ ਦੇ ਪਤੀ ਨੂੰ ਕਰ ਲਿਆ ਗਿਆ ਹੈ ਗ੍ਰਿਫਤਾਰ
ਜਦੋਂ ਇਸ ਸਬੰਧੀ ਥਾਣਾ ਧਨੌਲਾ ਦੇ ਇੰਚਾਰਜ ਹਾਕਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ’ਤੇ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕਾ ਦੇ ਪਤੀ ਰਜਿੰਦਰ ਸਿੰਘ ਉਰਫ ਜੰਟਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।


shivani attri

Content Editor

Related News