30 ਘੰਟਿਆਂ ਤੱਕ ਟਰੇਨ ''ਚ ਸਫਰ ਕਰਦੀ ਰਹੀ ਲਾਸ਼, ਇੰਝ ਹੋਇਆ ਖੁਲਾਸਾ
Saturday, Feb 15, 2020 - 06:32 PM (IST)
ਰੂਪਨਗਰ (ਕੈਲਾਸ਼)— ਇਕ ਡੀ. ਐੱਮ. ਯੂ. ਟਰੇਨ 'ਚ 30 ਘੰਟਿਆਂ ਤੱਕ ਇਕ ਲਾਸ਼ ਸਵਾਰੀਆਂ 'ਚ ਰਹੀ ਅਤੇ 30 ਘੰਟੇ ਬਾਅਦ ਜਦੋਂ ਸਵਾਰੀਆਂ ਨੂੰ ਲਾਸ਼ ਬਾਰੇ ਪਤਾ ਚੱਲਿਆ ਤਾਂ ਸਾਰੇ ਹੈਰਾਨ ਸਨ। ਜ਼ਿਲਾ ਰੂਪਨਗਰ ਤੋਂ ਜਿੱਥੇ ਅੰਬਾਲਾ ਤੋਂ ਹਿਮਾਚਲ ਦੇ ਅੰਬ ਨੂੰ ਚੱਲਣ ਵਾਲੀ ਡੀ. ਐੱਮ. ਯੂ. ਟਰੇਨ 'ਚ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਲਗਾਤਾਰ 30 ਘੰਟੇ ਸਫਰ ਕਰਦੀ ਰਹੀ ਪਰ ਹੈਰਾਨੀ ਦੀ ਗੱਲ ਰਹੀ ਕਿ 30 ਘੰਟਿਆਂ ਤੱਕ ਕਿਸੇ ਵੀ ਵਿਅਕਤੀ ਨੂੰੰ ਕੁਝ ਨਹੀਂ ਚੱਲਿਆ।
ਮਿਲੀ ਜਾਣਕਾਰੀ ਮੁਤਾਬਕ ਇਹ ਬਜ਼ੁਰਗ ਵਿਅਕਤੀ 13 ਫਰਵਰੀ ਨੂੰ ਸਵੇਰੇ 8.30 ਵਜੇ ਲਾਲੜੂ ਤੋਂ ਹਿਮਾਚਲ ਦੇ ਅੰਬ ਲਈ ਟਰੇਨ 'ਚ ਸਵਾਰ ਹੋਇਆ ਸੀ। ਇਸ ਦੌਰਾਨ ਵਿਅਕਤੀ ਦੀ ਮੌਤ ਹੋ ਗਈ। ਮੌਤ ਹੋਣ ਤੋਂ ਬਾਅਦ ਇਹ ਬਜ਼ੁਰਗ ਆਪਣੀ ਸੀਟ 'ਤੇ ਪਿਆ ਰਿਹਾ ਪਰ ਕਿਸੇ ਨੂੰ ਪਤਾ ਨਹੀਂ ਚੱਲਿਆ। ਅੰਬਾਲਾ ਸਟੇਸ਼ਨ 'ਤੇ ਰਾਤ ਰੁਕਣ ਤੋਂ ਬਾਅਦ 14 ਫਰਵਰੀ ਨੂੰ ਟਰੇਨ ਅੰਬਾਲਾ ਤੋਂ ਹਿਮਾਚਲ ਲਈ ਅੰਬ ਸਟੇਸ਼ਨ ਲਈ ਰਵਾਨਾ ਹੋਈ। ਜਦੋਂ ਇਹ ਟਰੇਨ ਵਾਪਸ ਅੰਬਾਲਾ ਲਈ ਰਵਾਨਾ ਹੋਈ ਤਾਂ ਸ਼ਾਮ 4 ਵਜੇ ਜ਼ਿਲਾ ਰੂਪਨਗਰ ਦੇ ਭਰਤਗੜ੍ਹ ਸਟੇਸ਼ਨ ਕੋਲ ਸਵਾਰੀਆਂ ਨੂੰ ਪਤਾ ਚੱਲਿਆ ਕਿ ਸੀਟ 'ਤੇ ਬੈਠੇ ਬਜ਼ੁਰਗ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਜਿਸ ਦੇ ਬਾਅਦ ਸੂਚਨਾ ਟਰੇਨ ਦੇ ਚਾਲਕ ਨੂੰ ਦਿੱਤੀ ਗਈ ਅਤੇ ਬਾਅਦ 'ਚ ਲਾਸ਼ ਨੂੰ ਰੂਪਨਗਰ ਰੇਲਵੇ ਸਟੇਸ਼ਨ 'ਤੇ ਜੀ. ਆਰ. ਪੀ. ਦੇ ਸਪੁਰਦ ਕੀਤਾ ਗਿਆ।
ਜਾਣਕਾਰੀ ਦਿੰਦੇ ਜੀ. ਆਰ. ਪੀ. ਪੁਲਸ ਦੇ ਏ. ਐੱਸ. ਆਈ. ਸੁਗਰੀਵ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਟਰੇਨ ਚਾਲਕ ਤੋ ਸੂਚਨਾ ਮਿਲੀ ਕਿ ਟਰੇਨ ਦੀ ਬੋਗੀ 'ਚ ਇਕ ਸੀਟ 'ਤੇ ਵਿਅਕਤੀ ਦੀ ਲਾਸ਼ ਪਈ ਹੈ, ਜਿਸ ਨੂੰ ਰੂਪਨਗਰ ਉਤਾਰਨ ਲਈ ਕਿਹਾ ਗਿਆ। ਏ. ਐੱਸ. ਆਈ. ਸੁਗਰੀਵ ਚੰਦ ਨੇ ਦੱਸਿਆ ਕਿ ਉਨ੍ਹਾਂ ਲਾਸ਼ ਨੂੰ ਰੂਪਨਗਰ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾ ਦਿੱਤਾ ਹੈ। ਜਿਸ ਦੀ ਸ਼ਨਾਖਤ ਗਿਆਨਚੰਦ ਪੁੱਤਰ ਰੂਪ ਲਾਲ ਨਿਵਾਸੀ ਪਟਿਆਲਾ ਦੇ ਰੂਪ 'ਚ ਹੋਈ ਪਰ ਆਧਾਰ ਕਾਰਡ 'ਤੇ ਵਿਅਕਤੀ ਦਾ ਪਤਾ ਹਿਮਾਚਲ (ਕਾਂਗੜਾ) ਦਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 53 ਸਾਲ ਹੈ ਅਤੇ ਪੁਲਸ ਨੇ ਇਸ ਬਾਰੇ ਮ੍ਰਿਤਕ ਵਿਅਕਤੀ ਦੇ ਵਾਰਸਾਂ ਨੂੰ ਸੂਚਤ ਕਰ ਦਿੱਤਾ ਹੈ।