28 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 3 ਖਿਲਾਫ ਮਾਮਲਾ ਦਰਜ

Tuesday, Apr 24, 2018 - 11:18 AM (IST)

28 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 3 ਖਿਲਾਫ ਮਾਮਲਾ ਦਰਜ

ਟਾਂਡਾ ਉੜਮੁੜ (ਪੰਡਤ, ਮੋਮੀ)— ਸੀ. ਆਈ. ਏ. ਸਟਾਫ ਦਸੂਹਾ ਦੀ ਟੀਮ ਨੇ ਟਾਂਡਾ ਉੜਮੁੜ ਵਿਖੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ 28 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਅਤੇ 3 'ਚੋਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਸੀ. ਆਈ. ਏ. ਦੇ ਇੰਚਾਰਜ ਐੱਸ. ਆਈ. ਗੋਬਿੰਦਰ ਕੁਮਾਰ ਨੇ ਦੱਸਿਆ ਕਿ ਉਹ ਏ. ਐੱਸ. ਆਈ. ਜਗਜੀਤ ਸਿੰਘ ਅਤੇ ਏ. ਐੱਸ. ਆਈ. ਨਰਿੰਦਰ ਪਾਲ ਸਿੰਘ ਸਮੇਤ ਪੁਲਸ ਟੀਮ ਨਾਲ ਦਾਰਾਪੁਰ ਟਾਂਡਾ 'ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਟੀਮ ਨੂੰ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਸੰਦੀਪ ਸੈਣੀ ਉਰਫ ਹਨੀ ਪੁੱਤਰ ਨਰਿੰਦਰ ਸਿੰਘ, ਮਲਕੀਤ ਸਿੰਘ ਕਾਲਾ ਪੁੱਤਰ ਸੁਰਜਨ ਸਿੰਘ ਅਤੇ ਅਨਮੋਲ ਪਾਸੀ ਪੁੱਤਰ ਸੁਰੇਸ਼ ਕੁਮਾਰ ਵਾਸੀ ਟਾਂਡਾ ਉੜਮੁੜ ਮਲਕੀਤ ਸਿੰਘ ਦੀ ਹਵੇਲੀ 'ਚ ਬਾਹਰਲੀ ਸਟੇਟ ਤੋਂ ਭਾਰੀ ਮਾਤਰਾ 'ਚ ਸ਼ਰਾਬ ਲਿਆ ਕੇ ਟਾਂਡਾ ਏਰੀਏ 'ਚ ਸਪਲਾਈ ਕਰਦੇ ਹਨ ਅਤੇ ਬੀਤੇ ਦਿਨ ਵੀ ਹਵੇਲੀ ਦੇ ਗੇਟ 'ਚ ਸ਼ਰਾਬ ਰੱਖ ਕੇ ਸਪਲਾਈ ਲਈ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਤੋਂ ਸ਼ਰਾਬ ਬਰਾਮਦ ਕਰਕੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। 
ਪੁਲਸ ਟੀਮ ਨੇ ਗਾਂਧੀ ਚੌਕ ਉੜਮੁੜ ਨਜ਼ਦੀਕ ਉਕਤ ਹਵੇਲੀ 'ਚ ਰੇਡ ਕੀਤੀ ਤਾਂ ਸੰਦੀਪ ਸੈਣੀ ਅਤੇ ਮਲਕੀਤ ਸਿੰਘ ਕਾਲਾ ਨੂੰ ਨਾਜਾਇਜ਼ ਤੌਰ 'ਤੇ ਰੱਖੀਆਂ 28 ਪੇਟੀਆਂ ਵ੍ਹਿਸਕੀ ਸਣੇ ਕਾਬੂ ਕਰ ਲਿਆ ਜਦਕਿ ਇਕ ਦੋਸ਼ੀ ਅਨਮੋਲ ਪਾਸੀ ਮੌਕੇ ਤੋਂ ਭੱਜਣ 'ਚ ਸਫਲ ਰਿਹਾ। ਪੁਲਸ ਨੇ ਤਿੰਨਾਂ ਦੋਸ਼ੀਆਂ ਖਿਲਾਫ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News