ਜੰਗਲ 'ਚ ਦਰੱਖਤ ਨਾਲ ਲਟਕਦੀ ਮਿਲੀ ਖੋਪੜ੍ਹੀ, ਫੈਲੀ ਦਹਿਸ਼ਤ
Monday, Jul 30, 2018 - 05:58 PM (IST)
ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਇਥੋਂ ਦੇ ਭੰਗੀ ਚੋਅ ਦੇ ਕੰਢੇ ਪੈਂਦੇ ਪਿੰਡ ਡਗਾਣਾ ਨੇੜੇ ਜੰਗਲ 'ਚੋਂ ਗਲੀ-ਸੜੀ ਹਾਲਤ 'ਚ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਖੋਪੜ੍ਹੀ ਰੱਸੀ ਨਾਲ ਦਰੱਖਤ 'ਤੇ ਲਟਕੀ ਹੋਈ ਸੀ ਅਤੇ ਉਸ ਦਾ ਧੜ ਦਰੱਖਤ ਨੇੜੇ ਜ਼ਮੀਨ 'ਤੇ ਪਿਆ ਸੀ।
ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 10 ਵਜੇ ਦੇ ਕਰੀਬ ਦਰੱਖਤ ਨਾਲ ਲਟਕੀ ਖੋਪੜ੍ਹੀ ਨੂੰ ਦੇਖ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਮਾਡਲ ਟਾਊਨ ਸਥਿਤ ਪੁਲਸ ਥਾਣੇ 'ਚ ਸੂਚਨਾ ਦਿੱਤੀ ਗਈ। ਸੂਚਨਾ ਪਾ ਕੇ ਮੌਕੇ 'ਤੇ ਐੱਸ. ਐੱਚ. ਓ. ਗੌਰਵ ਧੀਰ ਪਹੁੰਚੇ ਪਰ ਹਨ੍ਹੇਰਾ ਹੋਣ ਅਤੇ ਡਰ ਦੇ ਮਾਹੌਲ ਕਰਕੇ ਜੰਗਲ 'ਚੋਂ ਲਾਸ਼ ਬਰਾਮਦ ਨਾ ਕਰ ਸਕੇ। ਅੱਜ ਸਵੇਰੇ ਫਿਰ ਤੋਂ ਪੁਲਸ ਉਕਤ ਸਥਾਨ 'ਤੇ ਪਹੁੰਚੀ ਅਤੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲਿਆ। ਪੁਲਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਰੱਖਵਾ ਦਿੱਤਾ ਗਿਆ ਹੈ ਅਤੇ ਮ੍ਰਿਤਕ ਨੌਜਵਾਨ ਦੀ ਕੋਈ ਪਛਾਣ ਨਹੀਂ ਹੋ ਸਕੀ ਹੈ।
ਇੰਝ ਪਤਾ ਲੱਗਾ ਲਾਸ਼ ਬਾਰੇ
ਡਗਾਣਾ ਪਿੰਡ ਦਾ ਇਕ ਕਿਸਾਨ ਜਦੋਂ ਸ਼ਨੀਵਾਰ ਦੇਰ ਸ਼ਾਮ ਆਪਣੇ ਖੇਤ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਜੰਗਲ 'ਚ ਤੇਜ਼ ਬਦਬੂ ਆਉਣ ਦਾ ਅਹਿਸਾਸ ਹੋਇਆ। ਪਿੰਡ ਆ ਕੇ ਉਸ ਨੇ ਪਿੰਡ ਦੇ ਸਰਪੰਚ ਅਤੇ ਹੋਰ ਲੋਕਾਂ ਨੂੰ ਦੱਸੀ ਜੋ ਜੰਗਲ ਦੇ ਕੋਲ ਪਿੰਡ ਦੇ ਲੋਕ ਜਮ੍ਹਾ ਹੋਣ ਲੱਗੇ। ਮਾਮਲਾ ਸ਼ੱਕੀ ਦੇਖ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਮਾਡਲ ਟਾਊਨ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਗੌਰਵ ਧੀਰ ਅਤੇ ਏ. ਐੱਸ. ਆਈ. ਤੇਜਿੰਦਰ ਸਿੰਘ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚੇ। ਸੰਘਣੇ ਜੰਗਲ 'ਚ ਟਾਰਚ ਦੀ ਰੋਸ਼ਨੀ 'ਚ ਦਰਖੱਤ 'ਤੇ ਰੱਸੀ ਨਾਲ ਲਟਕੀ ਖੋਪੜ੍ਹੀ ਨੂੰ ਦੇਖ ਕੇ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਉਹ ਉਥੇ ਤੱਕ ਪਹੁੰਚ ਸਕਣ। ਸੋਮਵਾਰ ਸਵੇਰੇ ਪੁਲਸ ਫਿਰ ਤੋਂ ਮੌਕੇ 'ਤੇ ਪਹੁੰਚੀ ਅਤੇ ਰੱਸੀ 'ਚ ਫਸੀ ਸਿਰ ਦੀ ਖੋਪੜ੍ਹੀ ਅਤੇ ਜ਼ਮੀਨ 'ਤੇ ਪਏ ਨੌਜਵਾਨ ਦੇ ਧੜ ਨੂੰ ਬਰਾਮਦ ਕਰਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜਿਆ।
ਜੇਬ 'ਚੋਂ ਮਿਲਿਆ ਮੋਬਾਇਲ ਨਹੀਂ ਕਰ ਰਿਹਾ ਕੰਮ
ਐੱਸ. ਐੱਚ. ਓ. ਗੌਰਵ ਧੀਰ ਨੇ ਦੱਸਿਆ ਕਿ ਲਾਸ਼ ਦੇ ਕੋਲ ਪਈ ਚੱਪਲ ਤੋਂ ਜ਼ਾਹਰ ਹੁੰਦਾ ਹੈ ਕਿ ਨੌਜਵਾਨ ਨੇ ਰੱਸੀ ਦੇ ਸਹਾਰੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੋਵੇਗੀ। ਮ੍ਰਿਤਕ ਦੀ ਜੇਬ 'ਚੋਂ ਮੋਬਾਇਲ ਫੋਨ ਮਿਲਿਆ ਹੈ ਪਰ ਉਸ ਦਾ ਮੋਬਾਇਲ ਫੋਨ ਅਤੇ ਸਿਮ ਕਾਰਡ ਕੰਮ ਨਹੀਂ ਕਰ ਰਿਹਾ ਹੈ। ਦੇਖਣ 'ਚ ਮ੍ਰਿਤਕ ਕਿਸੇ ਬਾਹਰੀ ਪ੍ਰਦੇਸ਼ ਦਾ ਲੱਗਦਾ ਹੈ। ਡਗਾਣਾ ਪਿੰਡ ਦੇ ਨੇੜੇ ਸਾਰੇ ਪਿੰਡਾਂ 'ਚ ਪੁਲਸ ਲਾਪਤਾ ਲੋਕਾਂ ਦੀ ਜਾਣਕਾਰੀ ਜੁਟਾ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
