ਬਾਠ ਕੈਸਲ ਡਬਲ ਮਰਡਰ ਮਾਮਲੇ ’ਚ ਨਾਮਜ਼ਦ ਲਾੜੇ ਨੂੰ ਮਿਲੀ ਰਾਹਤ
Tuesday, Jan 20, 2026 - 07:19 PM (IST)
ਲੁਧਿਆਣਾ (ਜਗਰੂਪ)- 30 ਨਵੰਬਰ ਦੀ ਰਾਤ ਨੂੰ ਲੁਧਿਆਣਾ ਦੇ ਬਾਠ ਕੈਸਲ ਵਿਖੇ ਹੋਏ ਵਿਆਹ ਸਮਾਗਮ ਦੌਰਾਨ ਦੋ ਧਿਰਾਂ ਵਿਚਕਾਰ ਹੋਈ ਗੋਲੀਬਾਰੀ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਇਸ ਮਾਮਲੇ ਵਿਚ ਪੁਲਸ ਵੱਲੋਂ ਵਿਆਹ ਵਾਲੇ ਲਾੜੇ ਵਰਿੰਦਰ ਕਪੂਰ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਸੀ। ਮਾਛੀਵਾੜਾ ਨਿਵਾਸੀ ਐਡਵੋਕੇਟ ਜਸਪ੍ਰੀਤ ਸਿੰਘ ਬੈਨੀਪਾਲ ਵੱਲੋਂ ਨਾਮਜ਼ਦ ਵਰਿੰਦਰ ਕਪੂਰ ਦੀ ਜਮਾਨਤ ਲਈ ਅਰਜੀ ਮਾਣਯੋਗ ਲੁਧਿਆਣਾ ਅਦਾਲਤ ਵਿਚ ਲਗਾਈ ਗਈ ਸੀ ਜਿੱਥੇ ਉਸ ਨੂੰ ਵੱਡੀ ਰਾਹਤ ਮਿਲੀ ਅਤੇ ਉਸ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ।
ਐਡਵੋਕੇਟ ਜਸਪ੍ਰੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਲੁਧਿਆਣਾ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿਚ ਇਸ ਚਰਚਿਤ ਡਬਲ ਮਰਡਰ ਕੇਸ ਵਿਚ ਨਾਮਜ਼ਦ ਲਾੜਾ ਵਰਿੰਦਰ ਕਪੂਰ ਪੇਸ਼ ਹੋਇਆ ਜਿਸ ਦੇ ਵਿਆਹ ਸਮਾਗਮ ਦੌਰਾਨ ਇਹ ਘਟਨਾ ਵਾਪਰੀ ਸੀ। ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਵਲੋਂ ਦੋਵਾਂ ਧਿਰਾਂ ਦਾ ਪੱਖ ਸੁਣਿਆ ਅਤੇ ਕਾਫ਼ੀ ਲੰਬੀ ਬਹਿਸ ਹੋਈ। ਐਡਵੋਕੇਟ ਬੈਨੀਪਾਲ ਅਨੁਸਾਰ ਪੁਲਸ ਅਦਾਲਤ ਵਿਚ ਵਰਿੰਦਰ ਕਪੂਰ ਖਿਲਾਫ਼ ਕੋਈ ਵੀ ਸਬੂਤ ਪੇਸ਼ ਨਾ ਕਰ ਸਕੀ ਜਿਸ ਵਿਚ ਇਹ ਸਾਬਿਤ ਹੁੰਦਾ ਹੋਵੇ ਕਿ ਇਸ ਕਤਲ ਮਾਮਲੇ ਵਿਚ ਉਹ ਦੋਸ਼ੀ ਹੈ। ਪੁਲਸ ਵੱਲੋਂ ਇਹ ਵੀ ਬਿਆਨ ਦਿੱਤੇ ਗਏ ਕਿ ਲਾੜੇ ਵਰਿੰਦਰ ਕਪੂਰ ਨੂੰ ਗ੍ਰਿਫ਼ਤਾਰ ਕਰਨ ਦਾ ਕੋਈ ਇਰਾਦਾ ਨਹੀਂ ਕਿਉਂਕਿ ਉਸ ਵਿਰੁੱਧ ਸਬੂਤ ਨਾਕਾਫ਼ੀ ਹਨ। ਅਦਾਲਤ ਵੱਲੋਂ ਪੁਲਸ ਵੱਲੋਂ ਦਿੱਤਾ ਬਿਆਨ ਕਿ ਇਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਤਾਂ ਜਮਾਨਤ ਅਰਜੀ ਦੀ ਵੀ ਜ਼ਰੂਰਤ ਨਹੀਂ ਹੈ। ਐਡਵੋਕੇਟ ਜਸਪ੍ਰੀਤ ਸਿੰਘ ਬੈਨੀਪਾਲ ਅਨੁਸਾਰ ਲਾੜੇ ਵਰਿੰਦਰ ਕਪੂਰ ਦੇ ਵਿਆਹ ਵਿਚ ਇਹ ਦੋਵੇਂ ਧਿਰਾਂ ਆਪਸ ਵਿਚ ਭਿੜ ਪਈਆਂ ਅਤੇ ਗੋਲੀਬਾਰੀ ਹੋਈ ਜਿਸ ਵਿਚ ਉਸਦੀ ਕੋਈ ਸ਼ਮੂਲੀਅਤ ਵੀ ਨਹੀਂ ਹੈ।
