ਪੁਲਸ ਵੱਲੋਂ ਅਚਨਚੇਤ ਹੋਸਟਲ ''ਚ ਛਾਪੇਮਾਰੀ
Thursday, Oct 05, 2017 - 02:30 AM (IST)
ਤਲਵੰਡੀ ਸਾਬੋ(ਮੁਨੀਸ਼)-ਆਉਣ ਵਾਲੇ ਦੀਵਾਲੀ ਤੇ ਹੋਰ ਤਿਉਹਾਰਾਂ ਨੂੰ ਲੈ ਕੇ ਤਲਵੰਡੀ ਸਾਬੋ ਪੁਲਸ ਹੁਣ ਤੋਂ ਹੀ ਚੌਕਸ ਹੋ ਗਈ ਹੈ। ਅੱਜ ਤਲਵੰਡੀ ਸਾਬੋ ਵਿਖੇ ਇਕ ਨਿੱਜੀ ਯੂਨੀਵਰਸਿਟੀ ਦੇ ਹੋਸਟਲ 'ਚ ਛਾਪਾਮਾਰੀ ਕਰ ਕੇ ਤਲਾਸ਼ੀ ਲਈ ਗਈ। ਭਾਵੇਂ ਕਿ ਹੋਸਟਲ 'ਚੋਂ ਕੋਈ ਵੀ ਗੈਰ-ਕਾਨੂੰਨੀ ਵਸਤੂ ਨਹੀਂ ਮਿਲੀ ਪਰ ਪੁਲਸ ਨੇ ਆਉਣ ਵਾਲੇ ਦਿਨਾਂ 'ਚ ਪੀ.ਜੀ. ਤੇ ਹੋਸਟਲਾਂ ਦੀ ਚੈਕਿੰਗ ਕੀਤੇ ਜਾਣ ਦੇ ਸੰਕੇਤ ਜ਼ਰੂਰ ਦਿੱਤੇ ਹਨ। ਤਲਵੰਡੀ ਸਾਬੋ ਰਾਮਾਂ ਰੋਡ 'ਤੇ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਹੋਸਟਲ ਵਿਚ ਅੱਜ ਸਵੇਰੇ ਕਰੀਬ 6 ਵਜੇ ਵਰਿੰਦਰ ਸਿੰਘ ਡੀ.ਐੱਸ.ਪੀ. ਅਤੇ ਮਨੋਜ ਸ਼ਰਮਾ ਥਾਣਾ ਮੁਖੀ ਤਲਵੰਡੀ ਸਾਬੋ ਦੀ ਅਗਵਾਈ 'ਚ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ ਤਲਵੰਡੀ ਸਾਬੋ ਥਾਣੇ ਦੀ ਪੁਲਸ ਫੋਰਸ ਵੀ ਮੌਜੂਦ ਸੀ। ਅਧਿਕਾਰੀਆਂ ਅਤੇ ਪੁਲਸ ਕਰਮੀਆਂ ਨੇ ਹੋਸਟਲ ਦੇ ਵਿਦਿਆਰਥੀਆਂ ਦੇ ਕਮਰਿਆਂ ਦੀ ਚੈਕਿੰਗ ਕੀਤੀ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਸ਼ਨਾਖਤ ਵੀ ਉਨ੍ਹਾਂ ਦੇ ਆਧਾਰ ਕਾਰਡ ਅਤੇ ਕਾਲਜ ਆਈ ਕਾਰਡ ਰਾਹੀਂ ਕੀਤੀ ਗਈ। ਹੋਸਟਲ 'ਚੋਂ ਕੋਈ ਵੀ ਇਤਰਾਜ਼ਯੋਗ ਵਸਤੂ ਜਾਂ ਗੈਰ-ਕਾਨੂੰਨੀ ਸਾਮਾਨ ਤਾਂ ਨਹੀਂ ਮਿਲੀਆ। ਡੀ.ਐੱਸ.ਪੀ. ਤਲਵੰਡੀ ਸਾਬੋ ਨੇ ਵਿਦਿਆਰਥੀਆਂ ਨੂੰ ਨਸ਼ੇ ਨਾ ਕਰਨ ਦੀ ਸਲਾਹ ਦਿੰਦੇ ਹੋਏ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨ ਤੋਂ ਵੀ ਜਾਣੂ ਕਰਵਾਇਆ ਅਤੇ ਪੜ੍ਹਾਈ ਕਰ ਕੇ ਅੱਗੇ ਵਧਣ ਦੀ ਸਲਾਹ ਦਿੱਤੀ। ਡੀ.ਐੱਸ.ਪੀ. ਤਲਵੰਡੀ ਸਾਬੋ ਨੇ ਕਿਹਾ ਕਿ ਤਿਉਹਾਰਾਂ ਨੂੰ ਦੇਖਦੇ ਹੋਏ ਚੈਕਿੰਗ ਸ਼ੁਰੂ ਕੀਤੀ ਗਈ ਹੈ ਜੋ ਕਿ ਇਸੇ ਤਰ੍ਹਾਂ ਜਾਰੀ ਰਹੇਗੀ।
ਤਿਆਰ ਹੋਵੇਗੀ ਪੀ.ਜੀ. ਤੇ ਹੋਸਟਲਾਂ ਦੀ ਲਿਸਟ ਤਲਵੰਡੀ ਸਾਬੋ ਪੁਲਸ ਜਲਦੀ ਹੀ ਤਲਵੰਡੀ ਸਾਬੋ 'ਚ ਸਾਰੇ ਪੀ.ਜੀ. ਤੇ ਹੋਸਟਲਾਂ ਦੀ ਲਿਸਟ ਤਿਆਰ ਕਰਨ ਜਾ ਰਹੀ ਹੈ, ਜਿਸ ਵਿਚ ਹਰ ਵਿਦਿਆਰਥੀ ਜਾਂ ਕਿਰਾਏਦਾਰ ਦੀ ਸ਼ਨਾਖਤ ਕੀਤੀ ਜਾਵੇਗੀ।
