ਮੋਗਾ ਪੁਲਸ ਵਲੋਂ ਸਬ ਜੇਲ ਮੋਗਾ ਦੀ ਅਚਨਚੇਤ ਚੈਕਿੰਗ, ਬੈਰਕਾਂ ਦੀ ਲਈ ਤਲਾਸ਼ੀ

Thursday, Apr 30, 2026 - 12:50 PM (IST)

ਮੋਗਾ ਪੁਲਸ ਵਲੋਂ ਸਬ ਜੇਲ ਮੋਗਾ ਦੀ ਅਚਨਚੇਤ ਚੈਕਿੰਗ, ਬੈਰਕਾਂ ਦੀ ਲਈ ਤਲਾਸ਼ੀ

ਮੋਗਾ (ਆਜ਼ਾਦ) : ਜ਼ਿਲਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਸਬ ਜੇਲ੍ਹ ਮੋਗਾ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਵਧੇਰੇ ਮਜ਼ਬੂਤ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਸਬ ਜੇਲ੍ਹ ਮੋਗਾ ਦੀ ਅਚਨਚੇਤ ਚੈਕਿੰਗ ਡੀ. ਐੱਸ. ਪੀ. ਸਿਟੀ ਜਤਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਜੇਲ੍ਹ ਸੁਪਰਡੈਂਟ ਪ੍ਰੀਤਮ ਸਿੰਘ, ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਵਰੁਣ ਕੁਮਾਰ, ਸਿਟੀ ਸਾਉਥ ਦੇ ਮੁੱਖ ਅਫਸਰ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਦੇ ਇਲਾਵਾ ਹੋਰ ਪੁਲਸ ਅਧਿਕਾਰੀ ਅਤੇ 60 ਦੇ ਕਰੀਬ ਪੁਲਸ ਮੁਲਾਜ਼ਮ ਜਿਨ੍ਹਾਂ ਵਿਚ ਮਹਿਲਾ ਪੁਲਸ ਮੁਲਾਜ਼ਮ ਵੀ ਸ਼ਾਮਲ ਹਨ ਇਸ ਚੈਕਿੰਗ ਵਿਚ ਭਾਗ ਲਿਆ।

ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਵਿਚ ਜੇਲ੍ਹ ਦੇ ਹਰ ਸੰਵੇਦਨਸ਼ੀਲ ਹਿੱਸੇ ਵਿਚ ਬਾਰੀਕੀ ਨਾਲ ਤਲਾਸ਼ੀ ਲਈ ਗਈ। ਇਸ ਤੋਂ ਇਲਾਵਾ ਹਵਾਲਾਤੀਆਂ ਦੀਆਂ ਬੈਰਕਾਂ, ਸਟੋਰ ਰੂਮਾਂ ਅਤੇ ਹੋਰ ਇਲਾਕਿਆਂ ਦੀ ਵੀ ਜਾਂਚ ਕੀਤੀ ਗਈ। ਇਸ ਮੌਕੇ ਕਿਸ ਵੀ ਤਰ੍ਹਾਂ ਦੀ ਪਾਬੰਦੀਸ਼ੁਦਾ ਵਸਤੂ ਜਾਂ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਚੈਕਿੰਗ ਦਾ ਮਕਸਦ ਜਿੱਥੇ ਜੇਲ੍ਹ ਵਿਚ ਗੈਰ ਕਾਨੂੰਨੀ ਗਤੀਵਿਧੀਆ ਦਾ ਪਤਾ ਲਾਉਣਾ ਸੀ ਉਥੇ ਹੀ ਪਾਬੰਦੀਸ਼ੁਦਾ ਸਾਮਾਨ ਦੀ ਵੀ ਜਾਂਚ ਕੀਤੀ ਜਾਣੀ ਸੀ।

ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਐਂਟੀਸੈਬੋਟਾਜ ਟੀਮ ਵਲੋਂ ਪਾਬੰਦੀਸ਼ੁਦਾ ਸਾਮਾਨ ਅਤੇ ਨਸ਼ੀਲੇ ਪਦਾਰਥਾਂ ਦੀ ਪਛਾਣ ਲਈ ਵਿਸ਼ੇਸ਼ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਮੋਗਾ ਪੁਲਸ ਨੇ ਸਾਰੇ ਹਵਾਲਾਤੀਆਂ ਦੇ ਸਾਮਾਨ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਪੁੱਛਗਿੱਛ ਵੀ ਕੀਤੀ। ਡੀ. ਐੱਸ. ਪੀ. ਸਿਟੀ ਨੇ ਕਿਹਾ ਕਿ ਅੱਗੇ ਤੋਂ ਵੀ ਅਜਿਹੀਆਂ ਅਚਣਚੇਤ ਮੁਹਿੰਮਾਂ ਜਾਰੀ ਰਹਿਣਗੀਆਂ ਤਾਂ ਕਿ ਮਾੜੇ ਅਨਸਰਾਂ ਅਤੇ ਅਪਰਾਧਿਕ ਤੱਤਾਂ ਕੜੀ ਨਜ਼ਰ ਰੱਖੀ ਜਾ ਸਕੇ ਅਤੇ ਜ਼ਿਲੇ ਵਿਚ ਅਮਨ ਕਾਨੂੰਨ ਦੀ ਸਥਿਤੀ ਬਣੀ ਰਹੇ।


author

Gurminder Singh

Content Editor

Related News