ਹੁਣ ਇਸ ਅਧਿਕਾਰੀ 'ਤੇ ਡਿੱਗੀ ਵਿਜੀਲੈਂਸ ਦੀ ਗਾਜ, ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਚ ਗ੍ਰਿਫ਼ਤਾਰ

05/31/2023 6:34:55 PM

ਮੋਹਾਲੀ (ਨਿਆਮੀਆਂ) : ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਪੁਲਸ ਦੇ ਏ.ਆਈ.ਜੀ. ਆਸ਼ੀਸ਼ ਕਪੂਰ ਪੀ.ਪੀ.ਐੱਸ. ਵੱਲੋਂ ਨੌਕਰੀ ਦੌਰਾਨ ਚੰਡੀਗੜ੍ਹ ਤੇ ਮੋਹਾਲੀ ਵਿਖੇ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਨਾਜਾਇਜ਼ ਢੰਗ ਨਾਲ ਬੇਹਿਸਾਬ ਮਹਿੰਗੀਆਂ ਅਚੱਲ ਤੇ ਚੱਲ ਜਾਇਦਾਦਾਂ ਬਣਾਉਣ ਦੇ ਦੋਸ਼ ਸਾਬਤ ਹੋਣ ਪਿੱਛੋਂ ਆਸ਼ੀਸ਼ ਕਪੂਰ ਅਤੇ ਉਸ ਦੀ ਪਤਨੀ ਕਮਲ ਕਪੂਰ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਅਸ਼ੀਸ਼ ਕਪੂਰ ਨੂੰ ਕੇਂਦਰੀ ਜੇਲ੍ਹ ਪਟਿਆਲਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਵਿਜੀਲੈਂਸ ਬਿਊਰੋ ਨੂੰ ਅਗਲੀ ਪੁੱਛਗਿੱਛ ਲਈ 3 ਦਿਨਾਂ ਦਾ ਪੁਲਸ ਰਿਮਾਂਡ ਮਿਲ ਗਿਆ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਦੁਨੀਆ ਦਾ ਅਜਿਹਾ ਦੇਸ਼ ਜਿੱਥੇ ਜਾਗਿੰਗ ਕਰਨ ਵਾਲਿਆਂ ਨੂੰ ਸੁੱਟ ਦਿੱਤਾ ਜਾਂਦੈ ਅੰਦਰ

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਸ ਅਧਿਕਾਰੀ ਤੇ ਉਸ ਦੀ ਪਤਨੀ ਖ਼ਿਲਾਫ਼ ਇਕ ਵਿਜੀਲੈਂਸ ਪੜਤਾਲ ਉਪਰੰਤ ਮੁਕੱਦਮਾ ਨੰਬਰ 21 ਮਿਤੀ 30-05-2023 ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ 13 (1) (ਬੀ), 13 (2) ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਵਿਜੀਲੈਂਸ ਬਿਊਰੋ ਉਡਣ ਦਸਤਾ-1 ਪੰਜਾਬ ਮੋਹਾਲੀ ਦੇ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਆਸ਼ੀਸ਼ ਕਪੂਰ ਤੇ ਉਸ ਦੀ ਪਤਨੀ ਕਮਲ ਕਪੂਰ ਦੇ ਨਾਂ 'ਤੇ ਚੈੱਕ ਪੀਰੀਅਡ ਮਿਤੀ 01-08-2017 ਤੋਂ ਮਿਤੀ 31-08-2022 ਦੇ ਅਰਸੇ ਦੌਰਾਨ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਨਾਜਾਇਜ਼ ਢੰਗ ਨਾਲ ਹਾਸਲ ਕੀਤੀਆਂ ਬੇਹਿਸਾਬੀਆਂ ਮਹਿੰਗੀਆਂ ਅਚੱਲ ਜਾਇਦਾਦਾਂ ਮੌਜੂਦ ਹਨ, ਜਿਨ੍ਹਾਂ ਦੀ ਬਾਜ਼ਾਰੀ ਕੀਮਤ ਰਜਿਸਟਰਡ ਕੀਮਤ ਨਾਲੋਂ ਕਾਫੀ ਜ਼ਿਆਦਾ ਹੈ।

ਇਹ ਵੀ ਪੜ੍ਹੋ : ਪਹਿਲਵਾਨਾਂ ਨੂੰ ਹਿਰਾਸਤ 'ਚ ਲਏ ਜਾਣ ਦੀ ਵਿਸ਼ਵ ਪੱਧਰ 'ਤੇ ਹੋ ਰਹੀ ਨਿੰਦਾ, ਹੁਣ UWW ਨੇ ਦਿੱਤੀ ਇਹ ਚਿਤਾਵਨੀ

ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਜਾਇਦਾਦਾਂ ਵਿੱਚ ਸਾਲ 2020 'ਚ ਕੋਨੇ ਵਾਲਾ ਰਿਹਾਇਸ਼ੀ ਪਲਾਟ ਨੰਬਰ 2010 ਰਕਬਾ 507.5 ਵਰਗ ਗਜ ਸੈਕਟਰ-88 ਮੋਹਾਲੀ ਵਿਖੇ 90,16,100 ਰੁਪਏ 'ਚ ਖਰੀਦਿਆ ਗਿਆ ਹੈ। ਉਕਤ ਪਲਾਟ 'ਤੇ ਸਾਲ 2020-2022 ਦੌਰਾਨ ਨਵੀਨਤਮ ਸਹੂਲਤਾਂ ਸਮੇਤ ਆਲੀਸ਼ਾਨ 2 ਮੰਜ਼ਿਲਾ ਕੋਠੀ ਦੀ ਉਸਾਰੀ ਕੀਤੀ ਗਈ, ਜਿਸ ਉਪਰ ਅਨੁਮਾਨਤ ਖਰਚਾ 2 ਕਰੋੜ ਰੁਪਏ ਆਇਆ ਸੀ। ਇਸੇ ਤਰ੍ਹਾਂ ਪਿਛਲੇ ਸਾਲ 2022 ਵਿੱਚ ਉਨ੍ਹਾਂ 'ਦਿ ਪਾਮ ਕਾਲੋਨੀ ਨਿਊ ਚੰਡੀਗੜ੍ਹ ਮੋਹਾਲੀ ਵਿੱਚ 34,13,663 ਰੁਪਏ ਦੀ ਲਾਗਤ ਨਾਲ 241.11 ਵਰਗ ਗਜ ਦਾ ਇਕ ਰਿਹਾਇਸ਼ੀ ਪਲਾਟ ਨੰਬਰ 397 ਖਰੀਦਿਆ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ-63 ਦੇ ਬਲਾਕ ਨੰਬਰ-ਬੀ ਵਿੱਚ 3 ਕਮਰਿਆਂ ਦਾ ਫਲੈਟ ਨੰਬਰ 2021 ਕੁਲ 20,41,65,400 ਰੁਪਏ ਵਿੱਚ ਖਰੀਦਿਆ। ਉਨ੍ਹਾਂ ਦੱਸਿਆ ਕਿ ਲਵੀਨ ਪੈਕੇਜਿੰਗ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ 'ਚ ਆਸ਼ੀਸ਼ ਕਪੂਰ ਦੀ ਪਤਨੀ ਦਾ 1/3 ਹਿੱਸਾ ਹੈ, ਜਿਸ ਵਿੱਚ ਉਸ ਨੇ 15 ਲੱਖ ਰੁਪਏ ਨਿਵੇਸ਼ ਕੀਤੇ ਹੋਏ ਹਨ।

ਇਹ ਵੀ ਪੜ੍ਹੋ : ਹਿਮਾਚਲ ਘੁੰਮਣ ਜਾ ਰਹੇ ਸੈਲਾਨੀਆਂ ਲਈ ਅਹਿਮ ਖ਼ਬਰ, ਸੁੱਖੂ ਸਰਕਾਰ ਨੇ ਕੀਤਾ ਇਹ ਐਲਾਨ

ਉਕਤ ਤੋਂ ਇਲਾਵਾ ਆਸ਼ੀਸ਼ ਕਪੂਰ ਵੱਲੋਂ ਪਰਿਵਾਰ ਸਮੇਤ ਵਿਦੇਸ਼ੀ ਦੌਰਿਆਂ ਅਤੇ ਐਸ਼ੋ-ਅਰਾਮ ਦੀ ਜ਼ਿੰਦਗੀ ਬਿਤਾਉਣ 'ਤੇ ਲੱਖਾਂ ਰੁਪਏ ਖਰਚ ਕੀਤੇ ਗਏ। ਇਸ ਤੋਂ ਇਲਾਵਾ ਉਕਤ ਚੈੱਕ ਪੀਰੀਅਡ ਦੌਰਾਨ ਆਸ਼ੀਸ਼ ਕਪੂਰ, ਆਸ਼ੀਸ਼ ਕਪੂਰ ਐਂਡ ਸੰਨਜ਼ (ਐੱਚ.ਯੂ.ਐੱਫ.) ਅਤੇ ਉਸ ਦੀ ਪਤਨੀ ਕਮਲ ਕਪੂਰ ਦੇ ਨਾਂ 'ਤੇ ਵੱਖ-ਵੱਖ ਬੈਂਕਾਂ ਵਿੱਚ ਤਕਰੀਬਨ 10 ਬੈਂਕ ਖਾਤੇ ਖੁੱਲ੍ਹੇ ਹੋਏ ਹਨ, ਜਿਨ੍ਹਾਂ ਵਿੱਚ ਤਕਰੀਬਨ 65 ਲੱਖ ਰੁਪਏ ਜਮ੍ਹਾ ਹੋਣੇ ਪਾਏ ਹਨ। ਉਕਤ ਮਿਥੇ ਚੈੱਕ ਪੀਰੀਅਡ ਦੌਰਾਨ ਆਸ਼ੀਸ਼ ਕਪੂਰ, ਆਸ਼ੀਸ਼ ਕਪੂਰ ਐਂਡ ਸੰਨਜ਼ ਤੇ ਉਸ ਦੀ ਪਤਨੀ ਕਮਲ ਕਪੂਰ ਕੋਲ ਉਨ੍ਹਾਂ ਦੀ ਆਮਦਨ ਦੇ ਜਾਣੂ ਸਰੋਤਾਂ ਤੋਂ ਕੁਲ ਆਮਦਨ 2,44,64,871 ਰੁਪਏ ਹੋਣੀ ਪਾਈ ਗਈ, ਜਦਕਿ ਇਸੇ ਅਰਸੇ ਦੌਰਾਨ ਉਨ੍ਹਾਂ ਵੱਲੋਂ 5,60,91,650 ਰੁਪਏ ਕੁਲ ਖਰਚਾ ਕੀਤਾ ਗਿਆ ਹੈ। ਇਸ ਤਰ੍ਹਾਂ ਉਨ੍ਹਾਂ ਵੱਲੋਂ 3,16,26,779 ਰੁਪਏ ਵੱਧ ਖਰਚਾ ਕੀਤਾ ਗਿਆ, ਜੋ ਉਨ੍ਹਾਂ ਦੀ ਕੁਲ ਆਮਦਨ ਤੋਂ 129.3 ਫੀਸਦ ਵੱਧ ਹੈ।

ਇਹ ਵੀ ਪੜ੍ਹੋ : ਏਅਰ ਇੰਡੀਆ ਬਣੀ ਬਦਸਲੂਕੀ ਦਾ ਅੱਡਾ! ਜਹਾਜ਼ 'ਚ ਯਾਤਰੀ ਨੇ ਕੀਤਾ ਹੰਗਾਮਾ, ਕਰੂ ਮੈਂਬਰ ਦੀ ਕੁੱਟਮਾਰ

ਵਿਜੀਲੈਂਸ ਬਿਊਰੋ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ਤੇ ਜੇਲ ਵਿਭਾਗ ਪੰਜਾਬ ਵਿੱਚ ਤਾਇਨਾਤ ਰਹੇ ਇਸ ਪੁਲਸ ਅਧਿਕਾਰੀ ਤੇ ਉਸ ਦੀ ਪਤਨੀ ਖ਼ਿਲਾਫ਼ ਉਕਤ ਜਾਂਚ ਦੌਰਾਨ ਪ੍ਰਾਪਤ ਸਬੂਤਾਂ ਦੇ ਅਧਾਰ 'ਤੇ ਮੁਕੱਦਮਾ ਦਰਜ ਕਰਨ ਉਪਰੰਤ ਗ੍ਰਿਫ਼ਤਾਰੀ ਅਮਲ ਵਿੱਚ ਲਿਆ ਕੇ ਬਿਊਰੋ ਵੱਲੋਂ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News