ਪੁਲਸ ਮੁਲਾਜ਼ਮ ਨਾਲ ਖਹਿਬੜਨ ਤੇ ਵੀਡੀਓ ਬਨਾਉਣ ਵਾਲੇ ਨੌਜਵਾਨ ਦੇ ਨਿਕਲੇ ਵਰੰਟ

10/04/2019 6:51:32 PM

ਲੁਧਿਆਣਾ (ਸੰਨੀ) : ਬੀਤੇ ਦਿਨੀਂ ਰੈੱਡ ਲਾਈਟ ਜੰਪ ਕਰਨ ਦੇ ਦੋਸ਼ ਵਿਚ ਰੋਕੇ ਗਏ ਨੌਜਵਾਨ ਵੱਲੋਂ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਨਾਲ ਦੁਰਵਿਵਹਾਰ ਕਰਕੇ ਵੀਡੀਓ ਵਾਇਰਲ ਕਰਨਾ ਇਕ ਨੌਜਵਾਨ ਨੂੰ ਮਹਿੰਗਾ ਪੈ ਗਿਆ। ਥਾਣਾ ਡਵੀਜ਼ਨ ਨੰ. 5 ਦੀ ਪੁਲਸ ਮਾਡਲ ਕਾਲੋਨੀ ਦੇ ਰਹਿਣ ਵਾਲੇ ਵਿਸ਼ਾਲ ਖਿਲਾਫ ਸਰਕਾਰੀ ਡਿਊਟੀ 'ਚ ਰੁਕਾਵਟ ਪਾਉਣ ਅਤੇ ਵਰਦੀ ਦਾ ਬਟਨ ਤੋੜਣ ਦੇ ਦੋਸ਼ ਵਿਚ ਨੌਜਵਾਨ 'ਤੇ ਐੱਫ. ਆਈ. ਆਰ. ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 'ਜਗ ਬਾਣੀ' ਨੇ ਵੀ ਨੌਜਵਾਨ ਵੱਲੋਂ ਡਿਊਟੀ 'ਤੇ ਤਾਇਨਾਤ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਨਾਲ ਦੁਰਵਿਵਹਾਰ ਦੀ ਖਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ। ਸੋਸ਼ਲ ਮੀਡੀਆ 'ਤੇ ਹੋਈ ਸ਼ਬਦੀ ਜੰਗ ਵਿਚ ਵੀ ਜ਼ਿਆਦਾਤਰ ਲੋਕ ਉਕਤ ਨੌਜਵਾਨ ਨੂੰ ਹੀ ਗਲਤ ਠਹਿਰਾ ਰਹੇ ਹਨ।

ਮਾਮਲਾ ਬੀਤੇ ਸੋਮਵਾਰ ਦਾ ਹੈ। ਕਾਕਾ ਮੈਰਿਜ ਪੈਲੇਸ ਕੱਟ 'ਤੇ ਡਿਊਟੀ 'ਤੇ ਤਾਇਨਾਤ ਏ. ਐੱਸ. ਆਈ. ਨੇ ਇਕ ਕਾਰ ਨੂੰ ਰੈੱਡ ਲਾਈਟ ਜੰਪ ਕਰਨ 'ਤੇ ਰੋਕਿਆ ਤਾਂ ਕਾਰ 'ਚੋਂ ਨਿਕਲ ਕੇ ਨੌਜਵਾਨ ਨੇ ਲਾਈਟ ਜੰਪ ਕਰਨ ਤੋਂ ਇਨਕਾਰ ਕੀਤਾ ਅਤੇ ਕੈਮਰਿਆਂ ਦੀ ਵੀਡੀਓ ਰਿਕਾਰਡਿੰਗ ਦੇਖਣ ਦੀ ਮੰਗ ਕਰਨ ਲੱਗਾ। ਨੌਜਵਾਨ ਦਾ ਕਹਿਣਾ ਸੀ ਕਿ ਇੰਨੀ ਭੀੜ ਵਿਚ ਰੈੱਡ ਲਾਈਟ ਜੰਪ ਨਹੀਂ ਹੋ ਸਕਦੀ। ਇਸ ਤੋਂ ਬਾਅਦ ਨੌਜਵਾਨ ਨੇ ਪੁਲਸ ਮੁਲਾਜ਼ਮਾਂ 'ਤੇ ਪੈਸੇ ਮੰਗਣ ਦੇ ਦੋਸ਼ ਲਾਉਂਦੇ ਹੋਏ ਮੋਬਾਇਲ 'ਤੇ ਇਸ ਦੀ ਵੀਡੀਓ ਬਣਾਈ।ਇੰਨੇ 'ਚ ਦੋਵਾਂ ਧਿਰਾਂ ਵਿਚ ਮਾਮੂਲੀ ਬਹਿਸ ਤੋਂ ਗੱਲ ਤੂੰ-ਤੂੰ ਮੈਂ-ਮੈਂ ਤੱਕ ਪੁੱਜ ਗਈ ਜਦੋਂ ਏ. ਐੱਸ. ਆਈ. ਨੇ ਨੌਜਵਾਨ ਦਾ ਚਲਾਨ ਕੀਤਾ ਤਾਂ ਦੋਵਾਂ ਵਿਚ ਮਾਮੂਲੀ ਧੱਕਾ-ਮੁੱਕੀ ਵੀ ਹੋਈ ਅਤੇ ਨੌਜਵਾਨ ਨੇ ਆਪਣੇ ਡਾਕੂਮੈਂਟ ਖੋਹਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਕਤ ਨੌਜਵਾਨ ਦਾ ਚਲਾਨ ਹੋ ਗਿਆ ਸੀ ਪਰ ਬਾਅਦ ਵਿਚ ਨੌਜਵਾਨ ਵੱਲੋਂ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

'ਜਗ ਬਾਣੀ' ਵਿਚ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਕੇਸ ਦਾ ਨੋਟਿਸ ਲੈਂਦੇ ਹੋਏ ਏ. ਐੱਸ. ਆਈ. ਸੁਖਵਿੰਦਰ ਸਿੰਘ ਦੇ ਬਿਆਨ ਦਰਜ ਕਰਕੇ ਮਾਡਲ ਕਾਲੋਨੀ ਦੇ ਰਹਿਣ ਵਾਲੇ ਵਿਸ਼ਾਲ ਖਿਲਾਫ ਐੱਫ. ਆਈ. ਆਰ. ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਡਵੀਜ਼ਨ ਨੰ. 5 ਦੀ ਐੱਸ. ਐੱਚ. ਓ. ਰਿਚਾ ਰਾਣੀ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੀ ਗਈ ਹੈ ਪਰ ਕਥਿਤ ਮੁਲਜ਼ਮ ਅਜੇ ਕਾਬੂ ਨਹੀਂ ਆਇਆ, ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


Gurminder Singh

Content Editor

Related News