ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਨੇ ਵਧਾਈ ਸੁਰੱਖਿਆ
Monday, Jan 20, 2025 - 05:18 PM (IST)
ਜਲਾਲਾਬਾਦ (ਸੁਮਿਤ, ਟੀਨੂੰ) : ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਵੱਲੋਂ ਜ਼ਿਲ੍ਹੇ ਭਰ ’ਚ ਰੇਲਵੇ ਸਟੇਸ਼ਨਾਂ ਅਤੇ ਟਰੇਨਾਂ ’ਚ ਸੁਰੱਖਿਆ ਵਧਾਉਣ ਲਈ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਮੁਹਿੰਮ ਰੇਲਵੇ ਪੁਲਸ, ਸਥਾਨਕ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਚਲਾਈ ਗਈ। ਇਸ ਦੌਰਾਨ ਯਾਤਰੀਆਂ ਦੇ ਸਾਮਾਨ ਦੀ ਜਾਂਚ, ਟਿਕਟਾਂ ਦੀ ਤਸਦੀਕ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਕੀਤੀ ਗਈ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪੁਲਸ ਵੱਲੋਂ ਰੇਲਵੇ ਸਟੇਸ਼ਨਾਂ ’ਤੇ ਰੇਲਵੇ ਪੁਲਸ ਨਾਲ ਘੇਰਾਬੰਦੀ ਕਰ ਕੇ ਟਰੇਨਾਂ ਅੰਦਰ ਯਾਤਰੀਆਂ ਦੇ ਸਾਮਾਨ ਦੀ ਪੂਰੀ ਜਾਂਚ ਕੀਤੀ। ਇਸ ਤੋਂ ਇਲਾਵਾ ਸੁਰੱਖਿਆ ਲਈ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਨਿਗਰਾਨੀ ਵਧਾਈ ਗਈ। ਬਰਾੜ ਨੇ ਕਿਹਾ ਕਿ ਇਹ ਮੁਹਿੰਮ ਟਰੇਨਾਂ ਅਤੇ ਸਟੇਸ਼ਨਾਂ ’ਚ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਹੈ।
ਗਣਤੰਤਰ ਦਿਹਾੜੇ ਦੌਰਾਨ ਸੁਰੱਖਿਆ ’ਚ ਖਲਲ ਨਹੀਂ ਪੈਣ ਦਿੱਤਾ ਜਾਵੇਗਾ, ਇਸ ਲਈ ਇਹ ਸਖ਼ਤ ਕਦਮ ਚੁੱਕੇ ਗਏ ਹਨ। ਜ਼ਿਲ੍ਹਾ ਪੁਲਸ ਮੁਖੀ ਨੇ ਪਿੰਡਾਂ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਸ਼ੱਕੀ ਗਤੀਵਿਧੀ ਜਾਂ ਡਰੋਨ ਦੀ ਆਵਾਜ਼ ਸੁਣਾਈ ਦੇਵੇ, ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ 26 ਜਨਵਰੀ ਦੇ ਮੌਕੇ ’ਤੇ ਸੁਰੱਖਿਆ ’ਚ ਕੋਈ ਕਮੀ ਨਹੀਂ ਛੱਡੀ ਜਾਵੇਗੀ।