ਵਿਆਹ ਸਮਾਗਮਾਂ ਮੌਕੇ ਸ਼ਰੇਆਮ ਹੁੰਦੇ ਹਵਾਈ ਫਾਇਰਾਂ ਨੂੰ ਰੋਕਣ ''ਚ ਪੁਲਸ ਨਾਕਾਮ

01/09/2018 7:31:00 AM

ਤਰਨਤਾਰਨ,   (ਰਮਨ)-  ਵਿਆਹ ਅਤੇ ਹੋਰ ਖੁਸ਼ੀ ਦੇ ਸਮਾਗਮਾਂ ਮੌਕੇ ਪੈਲੇਸਾਂ ਅਤੇ ਰਿਜ਼ੋਰਟਾਂ ਵਿਚ ਕੀਤੇ ਜਾਂਦੇ ਹਵਾਈ ਫਾਇਰ ਨੂੰ ਰੋਕਣ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਨਾਕਾਮ ਸਾਬਤ ਹੋ ਰਿਹਾ ਹੈ, ਜਿਸ ਦਾ ਨੁਕਸਾਨ ਆਮ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋ ਕੇ ਭੁਗਤਣਾ ਪੈ ਰਿਹਾ ਹੈ। ਇਸ ਨੂੰ ਅਣਗਹਿਲੀ ਕਿਹਾ ਜਾ ਸਕਦਾ ਹੈ ਜਾਂ ਫਿਰ ਕੁੱਝ ਹੋਰ। ਬੀਤੇ ਦਿਨ ਇਕ ਸ਼ਗਨ ਸਮਾਗਮ ਦੌਰਾਨ ਸਥਾਨਕ ਢਿੱਲੋਂ ਰਿਜ਼ੋਰਟ ਵਿਚ ਇਕ ਅੰਮ੍ਰਿਤਧਾਰੀ ਨੌਜਵਾਨ ਦੀ ਅਚਾਨਕ ਗੋਲੀ ਲੱਗਣ ਨਾਲ ਹੋਈ ਮੌਤ ਨੂੰ ਲੈ ਕੇ ਆਮ ਜਨਤਾ ਅਤੇ ਕੁੱਝ ਮੋਹਤਬਰਾਂ ਵੱਲੋਂ ਪ੍ਰਸ਼ਾਸਨ ਨੂੰ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਜਿਸ ਪੈਲੇਸ ਜਾਂ ਰਿਜ਼ੋਰਟ ਵਿਚ ਵਿਆਹ ਆਦਿ ਖੁਸ਼ੀ ਦੇ ਸਮਾਗਮ ਦੀ ਪਾਰਟੀ ਜਾਂ ਜਸ਼ਨ ਚੱਲ ਰਿਹਾ ਹੁੰਦਾ ਹੈ ਉਸ ਪੈਲੇਸ ਜਾਂ ਰਿਜ਼ੋਰਟ ਵਿਚ ਵੱਡੀ ਗਿਣਤੀ ਵਿਚ ਖਾਸ ਕਰ ਕੇ ਨੌਜਵਾਨਾਂ ਕੋਲ ਹਥਿਆਰ ਹੁੰਦੇ ਹਨ ਜੋ ਆਪਣੇ ਰੁਤਬੇ ਨੂੰ ਹੋਰ ਉੱਚਾ ਚੁੱਕਣ ਜਾਂ ਫਿਰ ਵਿਖਾਵਾ ਕਰਨ ਲਈ ਦੋ ਪੈਗ ਲਾਉਣ ਤੋਂ ਬਾਅਦ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੰਦੇ ਹਨ। ਜਿਸ ਨਾਲ ਕਈ ਵਾਰ ਜਾਨੀ ਨੁਕਸਾਨ ਕਰ ਚੁੱਕੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। 
ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਨਿਰਦੇਸ਼ ਦਿੱਤੇ ਜਾਦੇ ਹਨ
ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਪੈਲੇਸ ਅਤੇ ਰਿਜ਼ੋਰਟ ਮਾਲਕਾਂ ਨੂੰ ਮੇਨ ਗੇਟ 'ਤੇ ਹਥਿਆਰ ਅੰਦਰ ਨਾ ਲਿਜਾਣ ਸਬੰਧੀ ਨੋਟਿਸ ਬੋਰਡ ਲਾਉਣ ਲਈ ਸਖਤੀ ਨਾਲ ਹੁਕਮ ਜਾਰੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਪੈਲੇਸ ਜਾਂ ਰਿਜ਼ੋਰਟਾਂ ਦੇ ਪ੍ਰਬੰਧਕਾਂ ਨੂੰ ਵਿਆਹ ਪ੍ਰੋਗਰਾਮ ਬੁੱਕ ਕਰਵਾਉਣ ਵਾਲਿਆਂ ਨੂੰ ਵੀ ਸਖਤੀ ਨਾਲ ਡੀ. ਸੀ. ਦੇ ਹੁਕਮਾਂ ਸਬੰਧੀ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਜੇ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ।  
ਨਹੀਂ ਨਜ਼ਰ ਆਉਂਦੇ ਨੋਟਿਸ ਬੋਰਡ
ਜ਼ਿਆਦਾਤਰ ਪੈਲੇਸਾਂ ਅਤੇ ਰਿਜ਼ੋਰਟਾਂ ਦੇ ਮੇਨ ਗੇਟ ਦੇ ਬਾਹਰ ਡਿਪਟੀ ਕਮਿਸ਼ਨਰ ਦੇ ਹੁਕਮਾਂ ਸਬੰਧੀ ਨੋਟਿਸ ਬੋਰਡ ਨਹੀਂ ਲੱਗੇ ਨਜ਼ਰ ਆਉਂਦੇ ਹਨ ਜਿਸ ਨਾਲ ਆਮ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਨਾ ਹੋਣ ਕਾਰਨ ਕਈ ਵਾਰ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ। ਸਾਰੇ ਪੈਲੇਸਾਂ ਵਿਚ ਇਹ ਹੁਕਮਾਂ ਸਖਤੀ ਨਾਲ ਲਾਗੂ ਹੋਣੇ ਚਾਹੀਦੇ ਹਨ। 
ਹਵਾਈ ਫਾਇਰ ਦਾ ਬੱਚਿਆਂ 'ਤੇ ਪੈਂਦਾ ਹੈ ਮਾੜਾ ਅਸਰ
ਵਿਆਹ ਸਮਾਗਮਾਂ ਵਿਚ ਕੀਤੇ ਜਾਂਦੇ ਹਵਾਈ ਫਾਇਰਾਂ ਨਾਲ ਜਿਥੇ ਕਿਸੇ ਦੀ ਜਾਨ ਚਲੀ ਜਾਂਦੀ ਹੈ, ਉਥੇ ਹੀ ਇਸ ਦਾ ਮਾੜਾ ਅਸਰ ਬੱਚਿਆਂ ਦੇ ਦਿਮਾਗ 'ਤੇ ਵੀ ਪੈਂਦਾ ਹੈ। ਇਸ ਨੂੰ ਵੇਖ ਕੇ ਕਈ ਬੱਚੇ ਮਾੜੀ ਸੰਗਤ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦੇ ਹਨ । 


Related News