ਤੂਡ਼ੀ ਵਾਲੇ ਕੋਠੇ ’ਚੋਂ ਤੇਜ਼ਧਾਰ ਹਥਿਆਰ ਮਿਲਣ ਕਾਰਨ ਮਾਮਲਾ ਗਰਮਾਇਆ

07/13/2018 3:21:54 AM

ਭੁੱਚੋ ਮੰਡੀ(ਨਾਗਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਪਿੰਡ ਭੁੱਚੋ ਖੁਰਦ ਦੇ ਲੋਕਾਂ ਵੱਲੋਂ 13 ਜੁਲਾਈ ਨੂੰ ਪੁਲਸ  ਵਿਭਾਗ ਖ਼ਿਲਾਫ਼ ਅਰਥੀ ਫੂਕ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਨਸ਼ਾ ਸਮੱਗਲਰਾਂ ਵੱਲੋਂ ਦਿੱਤੀਆਂ ਧਮਕੀਆਂ ਸਬੰਧੀ ਪੁਲਸ ਵੱਲੋਂ ਟਾਲ-ਮਟੋਲ ਵਾਲੀ ਨੀਤੀ ਅਪਨਾਈ ਜਾ ਰਹੀ ਹੈ। ਅੱਜ ਸਵੇਰੇ ਪਿੰਡ ਭੁੱਚੋ ਖੁਰਦ ਤੋਂ ਲਵੇਰੀਸਰ ਨੂੰ ਜਾਂਦੀ ਸਡ਼ਕ ’ਤੇ ਸਥਿਤ ਇਕ ਤੂਡ਼ੀ ਵਾਲੇ ਕੋਠੇ ’ਚੋਂ  ਕੁਝ ਤੇਜ਼ਧਾਰ ਹਥਿਆਰ ਮਿਲਣ  ਕਾਰਨ ਕਿਸਾਨ ਆਗੂ ਨੂੰ ਮਿਲੀਆਂ ਧਮਕੀਆਂ ਨਾਲ ਜੋਡ਼ਿਆ ਜਾ ਰਿਹਾ ਹੈ। ਪੁਲਸ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ ਦੇ ਅਾਧਾਰ ’ਤੇ ਕੱਪਡ਼ੇ ਵਿਚ ਲਪੇਟ ਕੇ ਰੱਖੇ ਹੋਏ ਇਹ ਮਾਰੂ ਹਥਿਆਰ ਬਰਾਮਦ ਕੀਤੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਇਕ ਵਫ਼ਦ ਐੱਸ. ਐੱਚ. ਓ. ਨੂੰ ਮਿਲਿਆ ਸੀ ਪਰ ਪੁਲਸ ਅਧਿਕਾਰੀਆਂ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ। ਐੱਸ. ਐੱਚ. ਓ. ਨਰਿੰਦਰ ਕੁਮਾਰ ਨੇ ਕਿਹਾ ਕਿ ਤਿੰਨੇ ਨੌਜਵਾਨਾਂ ਨੂੰ ਐੱਸ. ਡੀ. ਐੱਮ. ਸਾਹਮਣੇ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਧਮਕੀਆਂ ਦੇਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਹਥਿਆਰਾਂ ਸਬੰਧੀ ਉਨ੍ਹਾਂ ਕਿਹਾ ਕਿ ਤੂਡ਼ੀ ਵਾਲੇ ਕਮਰੇ ਦੇ ਮਾਲਕ ਨੇ ਕਿਹਾ ਕਿ ਉਸਨੇ ਕਿਸੇ ਨੂੰ ਹਥਿਆਰ ਰੱਖਦੇ ਨਹੀਂ ਦੇਖਿਆ। ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।
 


Related News