ਸੰਗਰੂਰ ''ਚ ਪੰਜਾਬ ਪੁਲਸ ਦੇ ਇਸ ਅੰਦਾਜ਼ ਨੇ ਮੋਹ ਲਿਆ ਸਭ ਦਾ ਦਿਲ (ਤਸਵੀਰਾਂ)

Monday, Jul 24, 2017 - 02:29 PM (IST)

ਸੰਗਰੂਰ— ਜ਼ਿਲ੍ਹਾ ਪੁਲਸ ਅਤੇ ਸੰਗਰੂਰ ਸਾਈਕਲਿੰਗ ਕਲੱਬ ਵੱਲੋਂ ਨਸ਼ਿਆਂ ਖਿਲਾਫ ਅੱਜ ਸਾਈਕਲ ਰੈਲੀ ਕਰਨ ਦਾ ਦਿੱਤਾ ਗਿਆ ਸੱਦਾ ਉਸ ਵੇਲੇ ਯਾਦਗਾਰੀ ਸਾਬਤ ਹੋ ਗਿਆ ਜਦੋਂ ਹਜ਼ਾਰਾਂ ਲੋਕ ਇਸ ਵਿਲੱਖਣ ਸਾਈਕਲ ਰੈਲੀ ਦਾ ਹਿੱਸਾ ਬਣੇ। ਲੋਕਾਂ ਵਿਚ ਇਸ ਮੁਹਿੰਮ ਪ੍ਰਤੀ ਕਾਫੀ ਉਤਸ਼ਾਹ ਨਜ਼ਰ ਆਇਆ ਅਤੇ ਸਾਈਕਲਾਂ ਦੇ ਕਰੀਬ ਪੰਜ ਕਿਲੋਮੀਟਰ ਲੰਬੇ ਕਾਫਲੇ ਵਾਲੀ ਇਸ ਸਾਈਕਲ ਰੈਲੀ ਵਿਚ ਜ਼ਿਲ੍ਹੇ ਦੇ ਵੱਖ-ਵੱਖ ਵਿਧਾਇਕਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ, ਪੁਲਸ ਤੇ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ, ਸਮਾਜ ਸੇਵੀਆਂ ਸਮੇਤ ਹਜ਼ਾਰਾਂ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। 
  ਜ਼ਿਲ੍ਹੇ ਭਰ ਤੋਂ ਹਜ਼ਾਰਾਂ ਲੋਕਾਂ ਦੇ ਸਾਈਕਲਾਂ ਸਮੇਤ ਪੁਲਸ ਲਾਈਨ ਵਿਖੇ ਪੁੱਜਣ ਤੋਂ ਬਾਅਦ ਡਿਪਟੀ ਕਮਿਸ਼ਨਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਅਤੇ ਐਸ. ਐਸ. ਪੀ. ਸ਼੍ਰੀ ਮਨਦੀਪ ਸਿੰਘ ਸਿੱਧੂ ਵੱਲੋਂ ਗੁਬਾਰੇ ਤੇ ਕਬੂਤਰ ਉਡਾ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ। ਸਾਈਕਲ ਰੈਲੀ ਵਿਚ ਵਿਧਾਇਕ ਸੰਗਰੂਰ ਵਿਜੇਇੰਦਰ ਸਿੰਗਲਾ, ਵਿਧਾਇਕ ਧੂਰੀ ਦਲਵੀਰ ਗੋਲਡੀ, ਵਿਧਾਇਕ ਅਮਨ ਅਰੋੜਾ ਅਤੇ ਵਿਧਾਇਕ ਦਿੜ੍ਹਬਾ ਹਰਪਾਲ ਸਿੰਘ ਚੀਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਵਿਧਾਇਕ ਸਿੰਗਲਾ ਨੇ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਇਹ ਸਾਈਕਲ ਰੈਲੀ ਬਡਰੁੱਖਾਂ, ਮਸਤੂਆਣਾ ਸਾਹਿਬ, ਪੁਲਸ ਲਾਈਨ, ਮਹਾਂਵੀਰ ਚੌਕ, ਛੋਟਾ ਚੌਕ, ਬੜਾ ਚੌਕ, ਪਟਿਆਲਾ ਗੇਟ, ਫੁਹਾਰਾ ਚੌਕ, ਮਿਲਕ ਪਲਾਂਟ ਨੇੜਿਓਂ ਹੁੰਦੀ ਹੋਈ ਕਰੀਬ 16.5 ਕਿਲੋਮੀਟਰ ਦਾ ਫਾਸਲਾ ਤੈਅ ਕਰਨ ਮਗਰੋਂ ਗੋਲਡਨ ਵੈਲੀ ਪੈਲੇਸ ਵਿਚ ਜਾ ਕੇ ਸਮਾਪਤ ਹੋਈ। ਇਸ ਦੌਰਾਨ ਲੋਕਾਂ ਨੇ ਵੱਖ ਵੱਖ ਥਾਂਵਾਂ 'ਤੇ ਛਬੀਲ ਲਗਾਈ ਹੋਈ ਸੀ ਅਤੇ ਸਮਾਜ ਸੇਵੀ ਸੰਗਠਨਾਂ ਨੇ ਫੁੱਲਾਂ ਦੀ ਵਰਖਾ ਨਾਲ ਰੈਲੀ ਦਾ ਸਵਾਗਤ ਕੀਤਾ। 
  ਇਸ ਉਪਰੰਤ ਸਾਈਕਲ ਰੈਲੀ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਸ਼ਿਆਂ ਖਿਲਾਫ ਚੇਤਨਤਾ ਦਾ ਸੱਦਾ ਦਿੰਦੀਆਂ ਟੀ-ਸ਼ਰਟਾਂ ਵੀ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ। ਸਾਈਕਲ ਰੈਲੀ ਵਿਚ ਸ਼ਾਮਲ ਹੋਏ ਨੌਜਵਾਨਾਂ ਵਿਚ ਸੈਲਫੀ ਦਾ ਰੁਝਾਨ ਵੀ ਸਪੱਸ਼ਟ ਨਜ਼ਰ ਆਇਆ ਕਿਉਂਕਿ ਹਰੇਕ ਵਿਅਕਤੀ ਇਨ੍ਹਾਂ ਵਿਲੱਖਣ ਪਲਾਂ ਨੂੰ ਆਪਣੀ ਸਦੀਵੀ ਯਾਦ ਦਾ ਹਿੱਸਾ ਬਣਾਉਣ ਲਈ ਉਤਾਵਲਾ ਸੀ।


Related News