ਪੁਲਸ ਮੁਲਾਜ਼ਮ ''ਤੇ ਗੱਡੀ ਚੜ੍ਹਾਉਣ ਵਾਲਾ ਸਮੱਗਲਰ ਗ੍ਰਿਫਤਾਰ

Tuesday, Oct 24, 2017 - 07:41 AM (IST)

ਪੁਲਸ ਮੁਲਾਜ਼ਮ ''ਤੇ ਗੱਡੀ ਚੜ੍ਹਾਉਣ ਵਾਲਾ ਸਮੱਗਲਰ ਗ੍ਰਿਫਤਾਰ

ਜਲੰਧਰ, (ਰਾਜੇਸ਼)- ਨਾਕੇ 'ਤੇ ਖੜ੍ਹੀ ਪੁਲਸ 'ਤੇ ਗੱਡੀ ਚੜ੍ਹਾਉਣ ਵਾਲੇ ਸ਼ਰਾਬ ਸਮੱਗਲਰ ਨਵਦੀਪ ਸਿੰਘ ਉਰਫ ਲਵ ਪੁੱਤਰ ਮੋਹਿੰਦਰ ਸਿੰਘ ਵਾਸੀ ਬੈਂਕ ਕਾਲੋਨੀ ਨੂੰ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਏ. ਸੀ. ਪੀ. ਕੈਲਾਸ਼ ਚੰਦਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬਸਤੀ ਸ਼ੇਖ ਘਾਹ ਮੰਡੀ ਚੁੰਗੀ 'ਤੇ ਏ. ਐੱਸ. ਆਈ. ਅਵਤਾਰ ਸਿੰਘ ਨੇ ਨਾਕਾਬੰਦੀ ਕੀਤੀ ਹੋਈ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਵਰਨਾ ਕਾਰ ਵਿਚ ਸ਼ਰਾਬ ਸਮੱਗਲਰ ਭਾਰੀ ਮਾਤਰਾ ਵਿਚ ਸ਼ਰਾਬ ਲੈ ਕੇ ਆ ਰਹੇ ਹਨ। ਸੂਚਨਾ ਮਿਲਣ 'ਤੇ ਏ. ਐੱਸ. ਆਈ. ਅਵਤਾਰ ਸਿੰਘ ਨੇ ਹੈੱਡ ਕਾਂਸਟੇਬਲ ਰਾਜ ਕੁਮਾਰ ਤੇ ਹੋਰ ਪੁਲਸ ਪਾਰਟੀ ਨਾਲ ਘਾਹ ਮੰਡੀ ਚੌਕ ਵਿਚ ਨਾਕਾ ਲਾ ਲਿਆ। ਨਾਕੇ ਦੌਰਾਨ ਕੋਟ ਸਦੀਕ ਵਲੋਂ ਆ ਰਹੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਕਾਰ ਨਹੀਂ ਰੋਕੀ ਤੇ ਕਾਰ ਨਾਕੇ 'ਤੇ ਖੜ੍ਹੇ ਪੁਲਸ ਮੁਲਾਜ਼ਮ ਰਾਜ ਕੁਮਾਰ 'ਤੇ ਚਾੜ੍ਹ ਦਿੱਤੀ, ਜਿਸ ਨਾਲ ਰਾਜ ਕੁਮਾਰ ਜ਼ਖ਼ਮੀ ਹੋ ਗਿਆ। ਰਾਜ ਕੁਮਾਰ ਨੇ ਆਪਣੇ ਮੋਟਰਸਾਈਕਲ 'ਤੇ ਸ਼ਰਾਬ ਲਿਜਾ ਰਹੀ ਕਾਰ ਦਾ ਪਿੱਛਾ ਕੀਤਾ। ਕਾਰ ਚਾਲਕ ਨੇ ਜਾਨਂੋ ਮਾਰਨ ਦੀ ਨੀਅਤ ਨਾਲ ਕਾਰ ਦਾ ਬੈਕ ਗਿਅਰ ਪਾ ਕੇ ਦੁਬਾਰਾ ਹੈੱਡ ਕਾਂਸਟੇਬਲ ਰਾਜ ਕੁਮਾਰ 'ਤੇ ਚਾੜ੍ਹ ਦਿੱਤੀ। ਇਸ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਕਾਰ ਵਿਚੋਂ 35 ਪੇਟੀਆਂ ਸ਼ਰਾਬ ਬਰਾਮਦ ਕਰ ਲਈਆਂ ਤੇ ਸ਼ਰਾਬ ਸਮੱਗਲਰ ਦੇ ਖਿਲਾਫ ਥਾਣਾ ਨੰਬਰ 5 ਵਿਚ 307, 323, 353, 186, 427 ਤੇ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ। ਅੱਜ ਪੁਲਸ ਨੇ ਛਾਪਾਮਾਰੀ ਕਰਕੇ ਸ਼ਰਾਬ ਸਮੱਗਲਰ ਨਵਦੀਪ ਸਿੰਘ ਉਰਫ ਲਵ ਪੁੱਤਰ ਮੋਹਿੰਦਰ ਸਿੰਘ ਵਾਸੀ ਬੈਂਕ ਕਾਲੋਨੀ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਵਿਚ ਮੁਲਜ਼ਮ ਨੇ ਦੱਸਿਆ ਕਿ ਉਹ ਮਨੀ ਵਾਸੀ ਬਸਤੀ ਸ਼ੇਖ ਕੋਲੋਂ ਸ਼ਰਾਬ ਲੈ ਕੇ ਇਲਾਕੇ ਵਿਚ ਸਪਲਾਈ ਕਰਦਾ ਹੈ। ਲਵ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਸ਼ਰਾਬ ਲੈ ਕੇ ਆ ਰਿਹਾ ਸੀ ਤਾਂ ਉਸ ਦੇ ਪਿੱਛੇ ਬਸਤੀ ਸ਼ੇਖ ਸ਼ਰਾਬ ਸਮੱਗਲਰ ਆਪਣੀ ਕਾਰ ਵਿਚ ਆ ਰਹੇ ਸਨ, ਜਿਨ੍ਹਾਂ ਨੇ ਉਸ ਨੂੰ ਕਿਹਾ ਕਿ ਅੱਗੇ ਖੜ੍ਹੇ ਪੁਲਸ ਮੁਲਾਜ਼ਮ ਨੂੰ ਹੇਠਾਂ ਦੇ ਦੇਵੀਂ ਪਰ ਗੱਡੀ ਨਾ ਰੋਕੀ, ਜਿਨ੍ਹਾਂ ਨੂੰ ਵੀ ਪੁਲਸ ਨੇ ਮਾਮਲੇ ਵਿਚ ਨਾਮਜ਼ਦ ਕਰ ਲਿਆ ਹੈ ਤੇ ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।


Related News