ਭੂਤ-ਪ੍ਰੇਤਾਂ ਦੇ ਨਾਂ 'ਤੇ ਲੋਕਾਂ ਦੇ ਸਾਹ ਸੁਕਾ ਦਿੰਦਾ ਸੀ ਇਹ ਤਾਂਤਰਿਕ, ਅਸਲੀ ਕਰਤੂਤ ਹੋਈ ਜਗ ਜ਼ਾਹਰ

07/22/2017 12:23:53 PM

ਮਾਨਸਾ (ਸੰਦੀਪ ਮਿੱਤਲ) : ਭੋਲੇ-ਭਾਲੇ ਲੋਕਾਂ ਨੂੰ ਭੂਤ-ਪ੍ਰੇਤਾਂ ਦੇ ਨਾਂ 'ਤੇ ਡਰਾ ਕੇ ਉਨ੍ਹਾਂ ਕੋਲੋਂ ਮੋਟੀਆਂ ਰਕਮਾਂ ਵਸੂਲਣ ਵਾਲੇ ਇਕ ਤਾਂਤਰਿਕ ਦੀ ਅਸਲੀ ਕਰਤੂਤ ਉਸ ਸਮੇਂ ਸਾਹਮਣੇ ਆਈ, ਜਦੋਂ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਇਸ ਤਾਂਤਰਿਕ ਕੋਲੋਂ 4 ਲੱਖ ਰੁਪਿਆ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਜ਼ਿਲਾ ਪੁਲਸ ਮੁਖੀ ਪਰਮਬੀਰ ਸਿੰਘ ਪਰਮਾਰ ਨੇ ਦੱਸਿਆ ਕਿ ਵੱਖ-ਵੱਖ ਸ਼ਹਿਰਾਂ 'ਚ ਤਾਂਤਰਿਕ ਬਾਬਿਆਂ ਨੇ ਇਕ ਗਿਰੋਹ ਬਣਾ ਕੇ ਆਪਣੇ ਦਫਤਰ ਖੋਲ੍ਹੇ ਹਨ, ਜਿਨ੍ਹਾਂ 'ਚੋਂ ਦੋਸ਼ੀ ਸ਼ਾਕਿਰ ਮਲਿਕ ਨੇ ਆਪਣਾ ਦਫਤਰ ਦਸੂਹਾ (ਹੁਸ਼ਿਆਰਪੁਰ) ਅਤੇ ਦੂਜੇ ਦੋਸ਼ੀ ਨਇਮ ਮਲਿਕ ਨੇ ਆਪਣਾ ਦਫਤਰ ਬਠਿੰਡਾ ਵਿਖੇ ਖੋਲ੍ਹਿਆ ਹੋਇਆ ਹੈ। ਇਹ ਟੀ. ਵੀ. ਅਤੇ ਇਸ਼ਤਿਹਾਰਾਂ ਰਾਹੀ ਮਸ਼ਹੂਰੀ ਦਿੰਦੇ ਹਨ ਕਿ ਓਪਰੀ ਸ਼ੈਅ, ਬੇ-ਔਲਾਦ, ਘਰ 'ਚ ਕਲੇਸ਼ ਆਦਿ ਦੂਰ ਕਰਨ ਦਾ ਉਪਾਅ ਇੱਥੇ ਕੀਤਾ ਜਾਂਦਾ ਹੈ। 
ਇਸ 'ਤੇ ਭੋਲੇ ਭਾਲੇ ਤੇ ਅਨਪੜ੍ਹ ਲੋਕ ਇਨ੍ਹਾਂ ਦੇ ਝਾਂਸੇ ਵਿਚ ਆ ਕੇ ਇਸ਼ਤਿਹਾਰਾਂ 'ਤੇ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰਦੇ ਹਨ, ਜਿਨ੍ਹਾਂ ਨੂੰ ਇਹ ਆਪਣੇ ਜਾਲ ਵਿਚ ਫਸਾ ਕੇ ਘਰ 'ਚੋਂ ਖਜ਼ਾਨਾ ਕੱਢਣ ਦਾ ਝਾਂਸਾ ਦੇ ਕੇ ਵੱਖ-ਵੱਖ ਧਾਰਮਿਕ ਥਾਵਾਂ 'ਤੇ ਸੱਦ ਕੇ ਪੂਜਾ ਪਾਠ ਦੇ ਬਹਾਨੇ ਮੋਟੀ ਰਕਮ ਵਸੂਲ ਕਰਦੇ ਹਨ ਅਤੇ ਡਰਾਵਾ ਦਿੰਦੇ ਹਨ ਕਿ ਤੁਹਾਡੇ ਘਰ ਓਪਰੀ ਸ਼ੈਅ ਹੈ ਤੇ ਕੋਈ ਜਾਨੀ ਨੁਕਸਾਨ ਹੋਣ ਦਾ ਖਤਰਾ ਹੈ, ਜਿਸ 'ਤੇ ਇਹ ਭੋਲੇ-ਭਾਲੇ ਲੋਕ ਇਨ੍ਹਾਂ ਦੇ ਝਾਂਸੇ ਵਿਚ ਆ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਵਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਜੋਗਾ ਨਾਲ ਇਨ੍ਹਾਂ ਤਾਂਤਰਿਕ ਬਾਬਿਆਂ ਵੱਲੋਂ ਕਰੀਬ 22 ਲੱਖ ਰੁਪਏ ਦੀ ਠੱਗੀ ਦਾ ਥਾਣਾ ਜੋਗਾ ਵਿਖੇ ਨਾਮਲੂਮ ਵਿਅਕਤੀਆਂ ਖਿਲਾਫ 22 ਮਾਰਚ 2016 ਨੂੰ ਅ/ਧ 420,508,120-ਬੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਲਈ ਸੀ. ਆਈ. ਏ. ਸਟਾਫ ਮਾਨਸਾ ਦੇ ਇੰਚਾਰਜ ਜਗਦੀਸ਼ ਸ਼ਰਮਾ ਦੀ ਅਗਵਾਈ ਹੇਠ ਪੁਲਸ ਦੀ ਇਕ ਟੀਮ ਗਠਿਤ ਕੀਤੀ ਗਈ ਸੀ। 
ਸੀ. ਆਈ. ਏ. ਸਟਾਫ ਮਾਨਸਾ ਦੀ ਇਸ ਟੀਮ ਵੱਲੋਂ ਗਸ਼ਤ ਦੌਰਾਨ ਹੰਡਿਆਇਆ ਚੌਕ ਬਰਨਾਲਾ ਤੋਂ ਦੋਸ਼ੀ ਸ਼ਾਕਿਰ ਮਲਿਕ ਪੁੱਤਰ ਯਾਸ਼ੀਨ ਮਲਿਕ ਵਾਸੀ ਮੁਹੱਲਾ ਕੁਦਵਈ ਨਗਰ, ਮੁਜ਼ੱਫਰਪੁਰ (ਯੂ. ਪੀ.) ਨੂੰ ਗ੍ਰਿਫਤਾਰ ਕਰ ਕੇ ਠੱਗੀ ਹੋਈ 4 ਲੱਖ ਰੁਪਏ ਦੀ ਰਾਸ਼ੀ ਬਰਾਮਦ ਕਰ ਲਈ ਹੈ, ਜਿਸ ਦੇ ਦੂਜੇ ਸਾਥੀ ਨਇਮ ਮਲਿਕ ਦੀ ਭਾਲ ਜਾਰੀ ਹੈ। ਪੁਲਸ ਵੱਲੋਂ ਦੋਸ਼ੀ ਸ਼ਾਕਿਰ ਮਲਿਕ ਨੂੰ ਅਦਾਲਤ 'ਚ ਪੇਸ਼ ਕਰ ਕੇ ਭਲਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਉਸ ਪਾਸੋਂ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Related News