ਢਾਬਾ ਮਾਲਕ ਦੇ ਕਤਲ ਲਈ ਅੰਨ੍ਹੇਵਾਹ ਚਲਾਈਆਂ ਸੀ ਗੋਲੀਆਂ, ਖ਼ਤਰਨਾਕ ਬਦਮਾਸ਼ ਚੜ੍ਹਿਆ ਪੁਲਸ ਅੜਿੱਕੇ
Saturday, Aug 22, 2020 - 12:42 PM (IST)
ਲੁਧਿਆਣਾ (ਜ. ਬ.) : 6 ਮਹੀਨੇ ਤੱਕ ਚੱਲੀ ਚੂਹੇ-ਬਿੱਲੀ ਦੀ ਖੇਡ 'ਚ ਆਖ਼ਰਕਾਰ ਕਾਨੂੰਨ ਦੇ ਲੰਬੇ ਹੱਥ ਖ਼ਤਰਨਾਕ ਬਦਮਾਸ਼ ਮਨੀ ਉਰਫ਼ ਨੇਪਾਲੀ ਦੇ ਗਿਰੇਬਾਨ ਤੱਕ ਪੁੱਜ ਹੀ ਗਏ। ਜੋਧੇਵਾਲ ਪੁਲਸ ਨੇ ਮੁਖਬਰ ਦੀ ਸੂਚਨਾ ’ਤੇ ਮਨੀ ਅਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਕਤਲ ਦੇ ਯਤਨ ਦੇ ਕੇਸ 'ਚ ਪੁਲਸ ਨੂੰ ਲੋੜੀਂਦਾ ਸੀ। ਬਾਕੀ ਮੁਲਜ਼ਮਾਂ ਦੀ ਪਛਾਣ ਮੁਕਲ, ਵਿਜੇ ਅਤੇ ਸਤੀਸ਼ ਵੱਜੋਂ ਹੋਈ ਹੈ। 4 ਮੁਲਜ਼ਮਾਂ ਨੂੰ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਉਕਤ ਜਾਣਕਾਰੀ ਦਿੰਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਨੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਲੰਬੇ ਸਮੇਂ ਤੋਂ ਉਸ ਦੇ ਪਿੱਛੇ ਲੱਗੀ ਹੋਈ ਸੀ ਪਰ ਉਹ ਹੱਥ ਨਹੀਂ ਆ ਰਿਹਾ ਸੀ। ਹਰ ਵਾਰ ਪੁਲਸ ਦੇ ਪੁੱਜਣ ਤੋਂ ਪਹਿਲਾਂ ਹੀ ਹੱਥੋਂ ਨਿਕਲ ਜਾਂਦਾ ਸੀ ਪਰ ਇਸ ਵਾਰ ਠੋਸ ਸੂਚਨਾ ਆਈ ਕਿ ਮਨੀ ਸਮੇਤ 4 ਮੁਲਜ਼ਮਾਂ ਨੂੰ ਜੋਧੇਵਾਲ ਇਲਾਕੇ ਤੋਂ ਦਬੋਚ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ਼ 17 ਫਰਵਰੀ ਨੂੰ ਜੋਧੇਵਾਲ ਥਾਣੇ 'ਚ ਕਤਲ ਦਾ ਯਤਨ ਅਤੇ ਆਰਮਜ਼ ਐਕਟ ਸਮੇਤ ਹੋਰ ਧਰਾਵਾਂ ਦੇ ਤਹਿਤ ਕੇਸ ਦਰਜ ਹੋਇਆ ਸੀ, ਜਦੋਂ ਇਨ੍ਹਾਂ ਨੇ 16 ਫਰਵਰੀ ਦੀ ਸ਼ਾਮ ਨੂੰ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਮੰਡੀ 'ਚ ਰੇਹੜੀ-ਫੜ੍ਹੀ ਲਾਉਣ ਵਾਲੇ ਰਮਨ ਕੁਮਾਰ, ਉਸ ਦੇ ਦੋਸਤ ਸ਼ਾਮ ਲਾਲ ਅਤੇ ਮੀਡੀਅਮ ਢਾਬੇ ਦੇ ਮਾਲਕ ਗੁੱਡੂ ਨੂੰ ਜਾਨ ਤੋਂ ਮਾਰਨ ਦੀ ਨੀਯਤ ਨਾਲ ਉਨ੍ਹਾਂ 'ਤੇ ਮਨੋਹਰ ਨਗਰ 'ਚ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ, ਜਿਸ 'ਚ ਗੋਲੀ ਲੱਗਣ ਨਾਲ ਰਮਨ ਅਤੇ ਸ਼ਾਮ ਜ਼ਖਮੀਂ ਹੋ ਗਏ ਸਨ।
ਰਮਨ ਦੀ ਸ਼ਿਕਾਇਤ ’ਤੇ ਮਨੀ, ਰਾਕ ਅਤੇ ਇਨ੍ਹਾਂ ਦੇ ਅਣਪਛਾਤੇ ਸਾਥੀਆਂ ’ਤੇ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਦੀ ਰਮਨ ਅਤੇ ਲੱਡੂ ਨਾਲ ਰੰਜ਼ਿਸ਼ ਚੱਲਦੀ ਆ ਰਹੀ ਸੀ, ਜਿਸ ਕਾਰਨ ਮਨੀ ਅਤੇ ਰਾਕ ਨੇ ਇਨ੍ਹਾਂ ’ਤੇ ਕਾਤਲਾਨਾ ਹਮਲਾ ਕੀਤਾ ਸੀ। ਹਮਲੇ ਦੇ ਬਾਅਦ ਤੋਂ ਮੁਲਜ਼ਮ ਪੁਲਸ ਨਾਲ ਲੁਕਣ-ਮੀਟੀ ਖੇਡ ਰਹੇ ਸਨ। ਉਨ੍ਹਾਂ ਦੱਸਿਆ ਕਿ ਮਨੀ ਕਈ ਅਪਰਾਧਿਕ ਕੇਸਾਂ 'ਚ ਸ਼ਾਮਲ ਰਹਿ ਚੁੱਕਾ ਹੈ। ਉਸ ਦਾ ਲੰਬਾ-ਚੌੜਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਪੁਲਸ ਨੂੰ ਕਈ ਕੇਸਾਂ 'ਚ ਲੋੜੀਂਦਾ ਸੀ, ਜਦੋਂ ਕਿ ਮੁਕਲ ਅਤੇ ਵਿਜੇ ’ਤੇ ਵੀ ਵੱਖ-ਵੱਖ ਥਾਣਿਆਂ 'ਚ ਪਰਚੇ ਦਰਜ ਹਨ।