5 ਮਹੀਨਿਆਂ ਤੋਂ ਲਾਪਤਾ ਵਿਆਹੁਤਾ ਬਰਾਮਦ

Sunday, Mar 25, 2018 - 01:45 AM (IST)

5 ਮਹੀਨਿਆਂ ਤੋਂ ਲਾਪਤਾ ਵਿਆਹੁਤਾ ਬਰਾਮਦ

ਅਬੋਹਰ(ਰਹੇਜਾ, ਸੁਨੀਲ)—ਸਦਰ ਥਾਣਾ ਪੁਲਸ ਨੇ 5 ਮਹੀਨਿਆਂ ਤੋਂ ਲਾਪਤਾ ਇਕ ਵਿਆਹੁਤਾ ਨੂੰ ਬਰਾਮਦ ਕਰਕੇ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਮਾਣਯੋਗ ਜੱਜ ਨੇ ਉਸਨੂੰ ਉਸਦੇ ਪਰਿਵਾਰ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਕ ਪਿੰਡ ਕੇਰਾਖੇੜਾ ਵਾਸੀ ਵਿਆਹੁਤਾ ਸ਼ਰਨਪ੍ਰੀਤ ਕੌਰ ਪਤਨੀ ਹਰਜਿੰਦਰ ਸਿੰਘ 5 ਮਹੀਨੇ ਪਹਿਲਾਂ ਘਰੋਂ ਲਾਪਤਾ ਹੋ ਗਈ ਸੀ। ਇਸ ਸਬੰਧ ਵਿਚ ਸਦਰ ਥਾਣਾ ਪੁਲਸ ਨੂੰ ਵਿਆਹੁਤਾ ਦੇ ਭਰਾ ਪਰਮਿੰਦਰ ਸਿੰਘ ਨੇ ਉਸਦੇ ਸਹੁਰੇ ਪਰਿਵਾਰ 'ਤੇ ਇਲਜ਼ਾਮ ਲਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਸ਼ਿਕਾਇਤ 'ਤੇ ਉਸਦੀ ਭੈਣ ਦੇ ਪਤੀ ਹਰਜਿੰਦਰ ਸਿੰਘ, ਪਰਮਜੀਤ ਸਿੰਘ, ਸੁਰਿੰਦਰਪਾਲ, ਕੁਲਦੀਪ ਸਿੰਘ, ਹਰਕਿਰਤ ਸਿੰਘ ਉਰਫ ਗੋਲਡੀ, ਜੋਗਿੰਦਰ ਕੌਰ, ਦਲਜੀਤ ਉਰਫ ਹੈਪੀ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਵਿਆਹੁਤਾ ਦੇ ਪਰਿਵਾਰ 'ਤੇ ਸ਼ਰਨਪ੍ਰੀਤ ਨੂੰ ਅਗਵਾ ਕਰਕੇ ਉਸਦੀ ਹੱਤਿਆ ਦਾ ਸ਼ੱਕ ਜ਼ਾਹਰ ਕੀਤਾ ਸੀ। ਦੂਜੇ ਪਾਸੇ ਸ਼ਰਨਪ੍ਰੀਤ ਦੇ ਪਤੀ ਹਰਜਿੰਦਰ ਸਿੰਘ ਨੇ ਸਦਰ ਥਾਣਾ ਪੁਲਸ ਨੂੰ ਆਪਣੀ ਪਤਨੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਕੁੱਝ ਦਿਨ ਪਹਿਲਾਂ ਦਰਜ ਕਰਵਾਈ ਸੀ। ਦੋਵਾਂ ਧਿਰਾਂ ਨੇ ਆਪਣੀਆਂ-ਆਪਣੀਆਂ ਦਲੀਲਾਂ ਥਾਣੇ ਵਿਚ ਪੇਸ਼ ਕੀਤੀਆਂ। ਸਦਰ ਥਾਣਾ ਮੁੱਖੀ ਬਰਜਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਬਾਰੀਕੀ ਨਾਲ ਕੀਤੀ ਤਾਂ ਪਤਾ ਲੱਗਾ ਕਿ ਟਰਾਲਾ ਡਰਾਈਵਰ ਬਾਵਾ ਸਿੰਘ ਵਾਸੀ ਕੋਹਾੜਿਆਂਵਾਲੀ ਫਾਜ਼ਿਲਕਾ ਸ਼ਰਣਪ੍ਰੀਤ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ। ਪੁਲਸ ਨੇ ਸ਼ਰਣਪ੍ਰੀਤ ਨੂੰ ਬਰਾਮਦ ਕਰਕੇ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਉਸਨੂੰ ਉਸਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ। 


Related News