ਪੁਲਸ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ

Tuesday, Jun 20, 2017 - 02:53 AM (IST)

ਲੁਧਿਆਣਾ(ਕੁਲਵੰਤ)-ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦੇ ਹੋਏ ਪਹਿਲਾਂ ਇਕ ਲਾਵਾਰਿਸ ਬੱਚੀ ਦਾ ਇਲਾਜ ਕਰਵਾਇਆ ਤੇ ਬਾਅਦ ਵਿਚ ਉਸ ਸੰਭਾਲਦੇ ਹੋਏ ਉਸ ਦੀ ਦੇਖ-ਰੇਖ ਵੀ ਸ਼ੁਰੂ ਕਰ ਦਿੱਤੀ। ਹਾਲਾਂਕਿ ਇਕ ਮਹਿਲਾ ਕੁਲਵੰਤ ਕੌਰ ਖਾਲਸਾ ਨੇ ਵੀ ਬੱਚੀ ਦਾ ਪੂਰਾ ਧਿਆਨ ਰੱਖਿਆ ਪਰ ਇਸ ਸਮੇਂ ਬੱਚੀ ਥਾਣੇ ਦੇ ਅੰਦਰ ਹੀ ਪੁਲਸ ਵਾਲਿਆਂ ਤੋਂ ਪਿਆਰ ਤੇ ਦੁਲਾਰ ਲੈ ਰਹੀ ਹੈ, ਇਥੋਂ ਤੱਕ ਕਿ ਪੁਲਸ ਵਾਲੇ ਉਸ ਨੂੰ ਦੁੱਧ ਪਿਲਾ ਰਹੇ ਹਨ ਅਤੇ ਮਹਿਲਾ ਪੁਲਸ ਕਰਮਚਾਰੀ ਉਸ ਦਾ ਪੂਰਾ ਧਿਆਨ ਰੱਖ ਰਹੀਆਂ ਹਨ, ਇੱਥੋਂ ਤੱਕ ਕਿ ਬੱਚੀ ਲਈ ਪੁਲਸ ਨੇ ਨਵੇਂ ਕੱਪੜਿਆਂ ਦੇ ਪ੍ਰਬੰਧ ਤੋਂ ਇਲਾਵਾ ਉਸ ਲਈ ਖਿਡੌਣੇ ਤੇ ਦੁੱਧ ਦੀ ਬੋਤਲ ਦਾ ਵੀ ਇੰਤਜ਼ਾਮ ਕੀਤਾ ਸੀ। ਜਾਂਚ ਅਧਿਕਾਰੀ ਏ. ਐੱਸ. ਆਈ. ਸਤਨਾਮ ਸਿੰਘ ਦਾ ਕਹਿਣਾ ਸੀ ਕਿ ਰਾਤ ਨੂੰ ਕਰੀਬ ਸਵਾ ਇਕ ਵਜੇ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਇਕ ਨਵ-ਜੰਮੀ ਬੱਚੀ ਆਰਤੀ ਸਟੀਲ ਨੇੜੇ ਕੰਧ 'ਤੇ ਬਣੀ ਇਕ ਝੁੱਗੀ ਵਿਚ ਪਈ ਰੋ ਰਹੀ ਹੈ। ਜਦੋਂ ਉਹ ਉਥੇ ਪਹੁੰਚੇ ਤਾਂ ਬੱਚੀ ਇਕੱਲੀ ਸੀ, ਜਦ ਕਿ ਉਸ ਦੇ ਆਲੇ-ਦੁਆਲੇ ਜਾਨਵਰ ਮੰਡਰਾ ਰਹੇ ਸਨ। ਉਨ੍ਹਾਂ ਨੇ ਤੁਰੰਤ ਬੱਚੀ ਨੂੰ ਸੰਭਾਲਿਆ ਤੇ ਮਹਿਲਾ ਪੁਲਸ ਕਰਮਚਾਰੀ ਨੂੰ ਨਾਲ ਲੈ ਕੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਬਿਲਕੁਲ ਤੰਦਰੁਸਤ ਦੱਸਦੇ ਹੋਏ ਕਿਹਾ ਕਿ ਇਸ ਦੀ ਉਮਰ ਸਿਰਫ 15 ਦਿਨ ਦੀ ਹੈ, ਜਿਸ ਦੇ ਬਾਅਦ ਉਹ ਉਸ ਨੂੰ ਥਾਣੇ 'ਚ ਲੈ ਆਏ ਤਾਂ ਇਸ ਦੀ ਸੂਚਨਾ ਇਲਾਕੇ ਦੇ ਲੋਕਾਂ ਨੂੰ ਪਤਾ ਲੱਗੀ। ਏ. ਐੱਸ. ਆਈ ਦਾ ਕਹਿਣਾ ਸੀ ਕਿ ਲਗਦਾ ਹੈ ਕਿ ਗਰੀਬੀ ਕਾਰਨ ਹੀ ਕਿਸੇ ਮਹਿਲਾ ਨੇ ਆਪਣੀ ਬੱਚੀ ਨੂੰ ਇਥੇ ਛੱਡ ਦਿੱਤਾ ਸੀ। ਪੁਲਸ ਉਸ ਮਹਿਲਾ ਦਾ ਪਤਾ ਲਗਾ ਰਹੀ ਹੈ, ਜੇਕਰ ਉਹ ਨਾ ਮਿਲੀ ਤਾਂ ਪੁਲਸ ਬੱਚੀ ਨੂੰ ਪੰਘੂੜਾ ਘਰ ਵਿਚ ਛੱਡ ਕੇ ਆਵੇਗੀ।


Related News