ਮੰਦਰ ਦੀ ਵੀਡੀਓ ਬਣਾ ਕੇ ਅਪਲੋਡ ਕਰਨ ਤੇ ਧਮਕੀਆਂ ਦੇਣ ਵਾਲੇ ਮਾਂ-ਪੁੱਤ ਵਿਰੁੱਧ ਕੇਸ ਦਰਜ
Wednesday, Oct 25, 2017 - 10:50 AM (IST)

ਬਟਾਲਾ/ਘੁਮਾਣ (ਬੇਰੀ, ਸੈਂਡੀ, ਸਰਬਜੀਤ) - ਥਾਣਾ ਘੁਮਾਣ ਦੀ ਪੁਲਸ ਵੱਲੋਂ ਮੰਦਰ ਦੀ ਵੀਡੀਓ ਅਪਲੋਡ ਕਰਨ ਅਤੇ ਧਮਕੀਆਂ ਦੇਣ ਵਾਲੇ ਮਾਂ-ਪੁੱਤ ਵਿਰੁੱਧ ਕੇਸ ਦਰਜ ਕੀਤਾ ਹੈ।
ਐੱਸ. ਐੱਚ. ਓ. ਘੁਮਾਣ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੀਰਾਂ ਸਾਧਵੀ ਵਾਸੀ ਚੱਕਚਾਊ ਨਵਾਂ ਬੱਲੜਵਾਲ ਨੇ ਦਰਖਾਸਤ ਦਿੱਤੀ ਹੈ ਕਿ ਪਿੰਡ ਚੱਕਚਾਊ ਵਿਖੇ ਸੁਆਮੀ ਟਹਿਲ ਦਾਸ ਵੱਲੋਂ ਦਾਦਾ ਗੁਰੂ ਅਮਰ ਦਾਸ ਜੀ ਦੀ ਅੰਤਿਮ ਇੱਛਾ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਯਾਦ 'ਚ ਗੋਪਾਲ ਮੰਦਰ ਬਣਾਇਆ ਜਾ ਰਿਹਾ ਹੈ, ਜਿਥੇ ਉਹ ਸੁਆਮੀ ਟਹਿਲ ਦਾਸ ਜੀ ਕੋਲ ਰਹਿੰਦੀ ਹੈ ਅਤੇ ਗੋਪਾਲ ਮੰਦਰ ਬਣਾਉਣ 'ਚ ਸੇਵਾ ਕਰ ਰਹੀ ਹੈ। ਮੀਰਾਂ ਸਾਧਵੀ ਨੇ ਦਰਖਾਸਤ 'ਚ ਅੱਗੇ ਲਿਖਿਆ ਹੈ ਕਿ ਬੀਤੀ 6 ਅਕਤੂਬਰ ਨੂੰ ਨਰਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਚੱਕਚਾਉੂ ਅਤੇ ਇਸ ਦਾ ਲੜਕਾ ਰਵਿੰਦਰ ਸਿੰਘ ਮੰਦਰ ਤੇ ਮੇਰੀ ਰਿਹਾਇਸ਼ ਵਾਲੀ ਜਗ੍ਹਾ 'ਤੇ ਜਾਣਬੁੱਝ ਕੇ ਦਾਖਲ ਹੋਏ ਅਤੇ ਮੇਰੀ ਸ਼ਾਨ ਖਿਲਾਫ ਬੁਰਾ ਭਲਾ ਕਿਹਾ ਅਤੇ ਨਾਲ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਮੰਦਰ ਦੀ ਵੀਡੀਓ ਨੈੱਟ 'ਤੇ ਅਪਲੋਡ ਕਰ ਦਿੱਤੀ। ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਅੱਗੇ ਦੱਸਿਆ ਕਿ ਮੀਰਾਂ ਸਾਧਵੀ ਦੀ ਦਰਖਾਸਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਥਾਣਾ ਘੁਮਾਣ ਵਿਖੇ ਉਕਤ ਮਾਂ-ਪੁੱਤ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।