95 ਕਿਲੋ ਭੁੱਕੀ ਸਣੇ ਦੋ ਕਾਬੂ, ਦੋ ਫਰਾਰ
Wednesday, Jan 31, 2018 - 03:31 PM (IST)
ਬਟਾਲਾ/ਘੁਮਾਣ (ਬੇਰੀ, ਸਰਬਜੀਤ) : ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਵਲੋਂ ਟਰੱਕ 'ਚੋਂ 95 ਕਿਲੋ ਭੁੱਕੀ ਬਰਾਮਦ ਕਰਦੇ ਹੋਏ ਦੋ ਲੋਕਾਂ ਨੂੰ ਕਾਬੂ ਕਰਨ ਅਤੇ ਦੋ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਜਗੀਰ ਸਿੰਘ ਨੇ ਦੱਸਿਆ ਕਿ ਐੱਸ.ਟੀ.ਐੱਫ ਦੀ ਟੀਮ ਵਲੋਂ ਲਾਈਟਾਂ ਵਾਲਾ ਚੌਕ ਸ੍ਰੀ ਹਰਗੋਬਿੰਦਪੁਰ ਵਿਖੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਸੀ ਕਿ ਗੁਪਤਚਰ ਵਲੋਂ ਮਿਲੀ ਸੂਚਨਾ ਦੇ ਆਧਾਰ 'ਤੇ ਇਕ ਟਰੱਕ ਨੰ.ਪੀ.ਬੀ.-06ਐੱਮ.-2486 ਨੂੰ ਚੈਕਿੰਗ ਲਈ ਰੋਕਿਆ ਤਾਂ ਉਸ ਵਿਚੋਂ ਦੋ ਵਿਅਕਤੀ ਉਤਰ ਕੇ ਪੁਲਸ ਨੂੰ ਦੇਖ ਫਰਾਰ ਹੋ ਗਏ ਜਦਕਿ ਦੋ ਨੂੰ ਪੁਲਸ ਨੇ ਨਾਲ ਕਾਬੂ ਕਰ ਲਿਆ ਗਿਆ ਹੈ।
ਏ.ਐੱਸ.ਆਈ ਨੇ ਦੱਸਿਆ ਕਿ ਇਸ ਤੋਂ ਬਾਅਦ ਟਰੱਕ ਦੀ ਤਲਾਸ਼ੀ ਲਈ ਤਾਂ 95 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਹਰਵੰਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕਾਲਾ ਬਾਲਾ ਅਤੇ ਪ੍ਰਵੀਨ ਕੁਮਾਰ ਪੁੱਤਰ ਕੁੰਦਨ ਲਾਲ ਵਾਸੀ ਫਰੀਦਾ ਨਗਰ ਥਾਣਾ ਕਾਨਵਾਂ ਵਜੋਂ ਹੋਈ ਹੈ ਜਦਕਿ ਇਨ੍ਹਾਂ ਦੇ ਫਰਾਰ ਸਾਥੀ ਸਰਬਜੀਤ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਨਿਸ਼ਾਨ ਸਿੰਘ ਉਰਫ ਸੋਨੂੰ ਪੁੱਤਰ ਜੋਬਨ ਸਿੰਘ ਵਾਸੀਆਨ ਕੋਟ ਬੁੱਢਾ ਵਜੋਂ ਹੋਈ ਹੈ ਅਤੇ ਇਸ ਸੰਬੰਧ 'ਚ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਐੱਨ.ਡੀ.ਪੀ.ਐੱਸ ਐਕਟ ਤਹਿਤ ਉਕਤ ਚਾਰਾਂ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ।
