ਘਰਾਂ ''ਚੋਂ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫਤਾਰ
Sunday, Sep 03, 2017 - 10:55 AM (IST)
ਲੁਧਿਆਣਾ (ਜ. ਬ.) - ਥਾਣਾ ਲਾਡੋਵਾਲ ਦੀ ਪੁਲਸ ਨੇ ਅੱਜ ਘਰਾਂ 'ਚ ਚੋਰੀ ਕਰਨ ਵਾਲੇ ਇਕ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਸਬੰਧੀ ਅੱਜ ਏ. ਡੀ. ਸੀ. ਪੀ. 3 ਸੁਰਿੰਦਰ ਲਾਂਬਾ, ਏ. ਸੀ. ਪੀ. ਰਮਨਦੀਪ ਸਿੰਘ ਭੁੱਲਰ ਅਤੇ ਥਾਣਾ ਮੁਖੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਹੰਬੜਾਂ ਚੌਕੀ ਅਧੀਨ ਆਉਂਦੇ ਪਿੰਡਾਂ 'ਚ ਪਿਛਲੇ ਕਈ ਮਹੀਨਿਆਂ ਤੋਂ ਲੋਕਾਂ ਦੇ ਘਰਾਂ 'ਚੋਂ ਮੋਬਾਇਲ, ਨਕਦੀ ਆਦਿ ਚੋਰੀ ਕਰਨ ਵਾਲਾ ਗਿਰੋਹ ਸਰਗਰਮ ਸੀ।
25 ਅਗਸਤ ਦੀ ਰਾਤ ਨੂੰ ਇਸ ਗਿਰੋਹ ਨੇ ਹੰਬੜਾਂ ਵਿਚ ਰਹਿਣ ਵਾਲੇ ਸਰਵਨ ਕੁਮਾਰ ਪੁੱਤਰ ਸ਼ਾਮ ਸ਼ਾਹ ਦੇ ਘਰੋਂ 12 ਹਜ਼ਾਰ ਰੁਪਏ ਦੀ ਨਕਦੀ ਸਮੇਤ ਮੋਬਾਇਲ ਅਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਅਤੇ ਜਦੋਂ ਘਰ ਦੇ ਮਾਲਕ ਦੀ ਅੰਦਰੋਂ ਆਵਾਜ਼ ਆਈ ਤਾਂ ਉਸ ਨੇ ਚੋਰੀ ਕਰਨ ਵਾਲੇ ਚੋਰਾਂ ਨੂੰ ਪਛਾਣ ਲਿਆ, ਜਿਸ ਸਬੰਧੀ ਹੰਬੜਾਂ ਚੌਕੀ ਮੁਖੀ ਮਨਜੀਤ ਸਿੰਘ ਨੇ ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਚਾਰ ਲੋਕਾਂ ਖਿਲਾਫ ਚੋਰੀ ਦਾ ਪਰਚਾ ਦਰਜ ਕੀਤਾ ਸੀ। ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਕੇਸ ਦਰਜ ਕਰਨ ਤੋਂ ਬਾਅਦ ਲਾਡੋਵਾਲ ਮੁਖੀ ਰਜਿੰਦਰ ਪਾਲ ਦੀ ਅਗਵਾਈ ਵਿਚ ਵੱਖ- ਵੱਖ ਟੀਮਾਂ ਬਣਾ ਕੇ ਇਲਾਕੇ ਵਿਚ ਛਾਪੇਮਾਰੀ ਮੁਹਿੰਮ ਚਲਾਈ ਗਈ ਅਤੇ ਬੀਤੀ ਰਾਤ ਪੁਲਸ ਟੀਮ ਨੇ ਗਿਰੋਹ ਦੇ ਅਮਰਜੀਤ ਸਿੰਘ ਜੱਸੀ ਪੁੱਤਰ ਨਿਰਮਲ ਵਾਸੀ ਭੱਠਾ ਧੂਆ, ਸ਼ਿਵਮ ਕੁਮਾਰ ਪੁੱਤਰ ਰਾਮ ਅਸੀਸ ਹੰਬੜਾਂ, ਰਾਜ ਕੁਮਾਰ ਪੁੱਤਰ ਰਮੇਸ਼ ਬਹਾਦਰ ਵਾਸੀ ਹੰਬੜਾਂ ਅਤੇ ਮੁਹੰਮਦ ਆਮੀਰ ਪੁੱਤਰ ਮੁਹੰਮਦ ਵਾਸੀ ਗੌਂਸਪੁਰ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕਬਜ਼ੇ 'ਚੋਂ ਪੁਲਸ ਨੇ 19 ਮੋਬਾਇਲ, ਇਕ ਕੰਪਿਊਟਰ, ਇਕ ਮਿਊਜ਼ਿਕ ਸਿਸਟਮ, ਇਕ ਗੈਸ ਸਿਲੰਡਰ, ਇਕ ਯੂ. ਪੀ. ਐੱਸ. ਬਰਾਮਦ ਕੀਤਾ ਹੈ।
ਰੈਕੀ ਕਰ ਕੇ ਕਰਦੇ ਸਨ ਚੋਰੀ
ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਅਮਰਜੀਤ ਅਤੇ ਰਾਮ ਕੁਮਾਰ ਹੰਬੜਾਂ ਸਥਿਤ ਇਕ ਹੋਟਲ ਵਿਚ ਕੰਮ ਕਰਦੇ ਸਨ ਅਤੇ ਫੈਕਟਰੀ ਵਿਚ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਸਨ। ਉਨ੍ਹਾਂ ਦੀ ਸ਼ਿਵਮ ਰੈਕੀ ਕਰਦਾ ਸੀ ਅਤੇ ਆਪਣੇ ਸਾਥੀਆਂ ਨੂੰ ਜਾਣਕਾਰੀ ਦਿੰਦਾ ਸੀ, ਜਿਸ ਤੋਂ ਬਾਅਦ ਇਹ ਗਿਰੋਹ ਕਦੇ ਰਾਤ ਅਤੇ ਕਦੇ ਦਿਨ ਵਿਚ ਘਟਨਾ ਨੂੰ ਅੰਜਾਮ ਦਿੰਦੇ ਸਨ।
ਚੋਰੀ ਦਾ ਸਾਮਾਨ ਵੇਚਣ ਵਾਲਾ ਵੀ ਫੜਿਆ
ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਅਤੇ ਥਾਣਾ ਮੁਖੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਗਿਰੋਹ ਦੇ ਅਮਰਜੀਤ, ਸ਼ਿਵਮ ਅਤੇ ਰਾਮ ਕੁਮਾਰ ਜੋ ਸਾਮਾਨ ਚੋਰੀ ਕਰਦੇ ਸਨ, ਉਸ ਨੂੰ ਗੌਂਸਪੁਰ ਦੇ ਮੁਹੰਮਦ ਆਮੀਰ ਨੂੰ ਸਪਲਾਈ ਕਰ ਦਿੰਦੇ ਸਨ, ਜਿਸ ਤੋਂ ਬਾਅਦ ਮੁਹੰਮਦ ਆਮੀਰ ਚੋਰੀ ਦੇ ਸਾਮਾਨ ਨੂੰ ਅੱਗੇ ਗਾਹਕਾਂ ਨੂੰ ਵੇਚ ਦਿੰਦਾ ਸੀ, ਇਸ ਨੂੰ ਪੁਲਸ ਨੇ ਕੇਸ ਵਿਚ ਨਾਮਜ਼ਦ ਕੀਤਾ ਹੈ।
