ਦੜਾ ਸੱਟਾ ਲਾਉਣ ਵਾਲਿਆਂ ਵਿਰੁੱਧ ਕੇਸ ਦਰਜ
Friday, Sep 08, 2017 - 11:57 AM (IST)
ਹੁਸ਼ਿਆਰਪੁਰ (ਅਸ਼ਵਨੀ) - ਪੁਲਸ ਨੇ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਦੇ ਆਦੇਸ਼ 'ਤੇ ਲਾਟਰੀ ਦੀ ਆੜ 'ਚ ਸੱਟੇਬਾਜ਼ੀ ਕਰਨ ਵਾਲੇ ਵਿਅਕਤੀਆਂ ਦੀ ਫੜੋ-ਫੜੀ ਤੇਜ਼ ਕਰ ਦਿੱਤੀ ਹੈ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਨਰਿੰਦਰ ਕੁਮਾਰ ਦੀ ਅਗਵਾਈ 'ਚ ਲਕਸ਼ਮੀ ਮਾਰਕੀਟ 'ਚ ਛਾਪਾ ਮਾਰ ਕੇ ਮਨੋਹਰ ਲਾਲ ਉਰਫ ਨੀਟਾ ਪੁੱਤਰ ਗੁਰਦੇਵ ਰਾਮ ਵਾਸੀ ਮੁਹੱਲਾ ਪ੍ਰੇਮਗੜ੍ਹ ਦੇ ਕਬਜ਼ੇ ਵਿਚੋਂ 12,820 ਰੁਪਏ ਦੀ ਨਕਦੀ ਤੇ ਸੱਟੇ ਦੀਆਂ ਪਰਚੀਆਂ ਬਰਾਮਦ ਕੀਤੀਆਂ ਹਨ।
ਇਕ ਹੋਰ ਪਾਰਟੀ ਨੇ ਇਸੇ ਮਾਰਕੀਟ 'ਚ ਛਾਪੇਮਾਰੀ ਦੌਰਾਨ ਰਾਜੀਵ ਕੁਮਾਰ ਪੁੱਤਰ ਅਰੁਨ ਚੌਧਰੀ ਵਾਸੀ ਪੁਰਹੀਰਾਂ ਥਾਣਾ ਮਾਡਲ ਟਾਊਨ ਦੇ ਕਬਜ਼ੇ ਵਿਚੋਂ 820 ਰੁਪਏ ਦੀ ਨਕਦੀ ਤੇ ਦੜੇ-ਸੱਟੇ ਦੀਆਂ ਪਰਚੀਆਂ ਬਰਾਮਦ ਕੀਤੀਆਂ। ਏ. ਐੱਸ. ਆਈ. ਨਾਨਕ ਸਿੰਘ ਦੀ ਅਗਵਾਈ 'ਚ ਸੱਟੇਬਾਜ਼ੀ ਦਾ ਧੰਦਾ ਕਰਦੇ ਇਕ ਹੋਰ ਦੋਸ਼ੀ ਰਾਕੇਸ਼ ਕੁਮਾਰ ਉਰਫ ਲੱਕੀ ਪੁੱਤਰ ਦੌਲਤ ਰਾਮ ਵਾਸੀ ਪਿੰਡ ਸਤਨੌਰ ਥਾਣਾ ਹਰਿਆਣਾ ਦੇ ਕਬਜ਼ੇ ਵਿਚੋਂ ਪੁਲਸ ਨੇ 1230 ਰੁਪਏ ਦੀ ਨਕਦੀ ਤੇ ਦੜੇ-ਸੱਟੇ ਦੀਆਂ ਪਰਚੀਆਂ ਬਰਾਮਦ ਕੀਤੀਆਂ। ਥਾਣਾ ਸਦਰ ਦੀ ਪੁਲਸ ਨੇ ਨਲੋਈਆਂ ਚੌਕ 'ਚ ਛਾਪੇਮਾਰੀ ਦੌਰਾਨ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਰਤਨ ਸਿੰਘ ਵਾਸੀ ਸ਼ੰਕਰ ਨਗਰ ਦੇ ਕਬਜ਼ੇ ਵਿਚੋਂ 610 ਰੁਪਏ ਦੀ ਨਕਦੀ ਤੇ ਦੜੇ-ਸੱਟੇ ਦੀਆਂ ਪਰਚੀਆਂ ਬਰਾਮਦ ਕੀਤੀਆਂ।
