ਸ਼ੱਕੀ ਹਾਲਾਤ ''ਚ ਪੰਜਾਬ ਪੁਲਸ ਦੇ ਸਿਪਾਹੀ ਦੀ ਲਾਸ਼ ਬਰਾਮਦ

Saturday, Feb 06, 2021 - 10:53 AM (IST)

ਸ਼ੱਕੀ ਹਾਲਾਤ ''ਚ ਪੰਜਾਬ ਪੁਲਸ ਦੇ ਸਿਪਾਹੀ ਦੀ ਲਾਸ਼ ਬਰਾਮਦ

ਲੁਧਿਆਣਾ (ਰਾਮ) : ਪੰਜਾਬ ਪੁਲਸ ਦੇ ਇਕ ਸਿਪਾਹੀ ਦੀ ਲਾਸ਼ ਸ਼ੱਕੀ ਹਾਲਾਤ ’ਚ ਭਾਮੀਆਂ-ਜਮਾਲਪੁਰ ਰੋਡ ’ਤੇ ਆਂਸਲ ਐਨਕਲੇਵ ਦੇ ਨਜ਼ਦੀਕ ਬਰਾਮਦ ਹੋਈ ਹੈ। ਸੂਚਨਾ ਮਿਲਦੇ ਹੀ ਪੀ. ਸੀ. ਆਰ. ਦਸਤਾ ਅਤੇ ਫਿਰ ਥਾਣਾ ਪੁਲਸ ਦੀ ਟੀਮ ਮੌਕੇ ’ਤੇ ਪਹੁੰਚੀ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ। ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪੁਲਸ ਕਾਲੋਨੀ, ਜਮਾਲਪੁਰ, ਲੁਧਿਆਣਾ ਦੇ ਰੂਪ ’ਚ ਹੋਈ ਹੈ। ਜਾਂਚ ਅਧਿਕਾਰੀ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪੰਜਾਬ ਪੁਲਸ ’ਚ ਬਤੌਰ ਸਿਪਾਹੀ ਨੌਕਰੀ ਕਰ ਰਿਹਾ ਸੀ, ਜੋ 4 ਫਰਵਰੀ ਨੂੰ ਹੀ 23 ਫਰਵਰੀ ਤੱਕ ਛੁੱਟੀ ਲੈ ਕੇ ਆਇਆ ਸੀ, ਜਿਸ ਦੀ ਲਾਸ਼ ਦੇਰ ਰਾਤ ਕਰੀਬ 10 ਵਜੇ ਆਂਸਲ ਐਨਕਲੇਵ ਦੇ ਨਜ਼ਦੀਕ ਪੁਲਸ ਨੂੰ ਬਰਾਮਦ ਹੋਈ ਹੈ। ਉਸ ਦੀ ਲਾਸ਼ ਨੇੜੇ ਹੀ ਉਸ ਦਾ ਮੋਟਰਸਾਈਕਲ ਵੀ ਖੜ੍ਹਾ ਹੋਇਆ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾਇਆ ਗਿਆ ਹੈ। ਪੁਲਸ ਮ੍ਰਿਤਕ ਦੀ ਪਤਨੀ ਗੁਰਪ੍ਰੀਤ ਕੌਰ ਦੇ ਬਿਆਨਾਂ ’ਤੇ ਅੱਗੇ ਦੀ ਕਾਰਵਾਈ ਕਰ ਰਹੀ ਹੈ।
ਦੋ ਸਾਥੀ ਕਿੱਥੇ ਗਏ?
ਇਸ ਮਾਮਲੇ ’ਚ ਮ੍ਰਿਤਕ ਦੇ ਨਾਲ 2 ਹੋਰ ਸਾਥੀ ਵੀ ਦੱਸੇ ਜਾ ਰਹੇ ਹਨ। ਮ੍ਰਿਤਕ ਨੂੰ ਦੇਰ ਰਾਤ ਦੇਖਣ ਵਾਲੇ ਵਿਅਕਤੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਮ੍ਰਿਤਕ ਮਨਜਿੰਦਰ ਇਕੱਲਾ ਨਹੀਂ ਸੀ। ਉਸ ਦੇ ਨਾਲ 2 ਵਿਅਕਤੀ ਹੋਰ ਵੀ ਸਨ। ਮੋਟਰਸਾਈਕਲ ਵੀ ਉਨ੍ਹਾਂ ਦੋਵਾਂ ’ਚੋਂ ਹੀ ਇਕ ਚਲਾ ਰਿਹਾ, ਜਦੋਂ ਕਿ ਮ੍ਰਿਤਕ ਵਿਚਕਾਰ ਬੈਠਾ ਹੋਇਆ ਸੀ। ਇਸ ਦੇ ਕੁੱਝ ਦੇਰ ਬਾਅਦ ਹੀ ਮ੍ਰਿਤਕ ਦੀ ਲਾਸ਼ ਇਸ ਤਰੀਕੇ ਨਾਲ ਲਾਵਾਰਿਸ ਮਿਲਣਾ ਕਈ ਸ਼ੰਕੇ ਪੈਦਾ ਕਰਦਾ ਹੈ, ਜਿਨ੍ਹਾਂ ਦਾ ਜਵਾਬ ਲੱਭਿਆ ਜਾਣਾ ਜ਼ਰੂਰੀ ਹੈ ਤਾਂ ਕਿ ਪੁਲਸ ਮੁਲਾਜ਼ਮ ਦੀ ਇਸ ਤਰ੍ਹਾਂ ਮਿਲੀ ਲਾਸ਼ ਦੀ ਸੱਚਾਈ ਸਾਹਮਣੇ ਆ ਸਕੇ। ਦੇਖਣਾ ਇਹ ਹੋਵੇਗਾ ਕਿ ਥਾਣਾ ਪੁਲਸ ਇਸ ਮਾਮਲੇ ’ਚ 174 ਦੀ ਕਾਰਵਾਈ ਕਰਕੇ ਖਾਨਾਪੂਰਤੀ ਕਰਦੀ ਹੈ ਜਾਂ ਫਿਰ ਅਸਲ ਤੱਥ ਸਾਹਮਣੇ ਲਿਆਏ ਜਾਣਗੇ।


author

Babita

Content Editor

Related News