ਖੰਨਾ ਪੁਲਸ ਨੇ ਨਾਕੇ ’ਤੇ ਫੜੇ 20 ਲੱਖ ਰੁਪਏ, ਆਮਦਨ ਕਰ ਵਿਭਾਗ ਨੂੰ ਦਿੱਤਾ ਕੇਸ
Saturday, Jun 04, 2022 - 04:01 PM (IST)
ਬੀਜਾ (ਬਿਪਨ) : ਪੁਲਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਰਵੀ ਕੁਮਾਰ ਦੀ ਵਧੀਆ ਕਾਰਜਸ਼ੈਲੀ ਸਦਕਾ ਪੁਲਸ ਨੂੰ ਆਏ ਦਿਨ ਕੋਈ ਨਾ ਕੋਈ ਸਫਲਤਾ ਮਿਲ ਰਹੀ ਹੈ। ਪੁਲਸ ਨਾਕਿਆਂ ਉਪਰ ਵੱਡੀ ਰਕਮ ਲੈ ਕੇ ਜਾ ਰਹੇ ਵਿਅਕਤੀ ਵੀ ਫੜੇ ਜਾ ਰਹੇ ਹਨ। ਸ਼ਨੀਵਾਰ ਨੂੰ ਫਿਰ ਪੁਲਸ ਨੇ ਦੋ ਅਜਿਹੇ ਵਿਅਕਤੀ ਫੜੇ ਜੋ ਕਿ ਬਿਨਾਂ ਕਾਗਜ਼ਾਂ ਤੋਂ 20 ਲੱਖ ਰੁਪਏ ਲੈ ਕੇ ਜਾ ਰਹੇ ਸੀ। ਐੱਸ. ਐੱਸ. ਪੀ. ਰਵੀ ਕੁਮਾਰ ਨੇ ਦੱਸਿਆ ਕਿ ਥਾਣੇਦਾਰ ਜਗਜੀਵਨ ਕੁਮਾਰ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਪ੍ਰਿਸਟਾਈਨ ਮਾਲ ਕੋਲ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਕ੍ਰਿਸ਼ ਅਤੇ ਪ੍ਰਵੀਨ ਕੁਮਾਰ ਵਾਸੀ ਪਿਹੋਵਾ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਕੋਲੋਂ 20 ਲੱਖ ਰੁਪਏ ਬਰਾਮਦ ਹੋਏ।
ਐੱਸ. ਐੱਸ. ਪੀ. ਨੇ ਅੱਗੇ ਦੱਸਿਆ ਕਿ ਉਕਤ ਦੋਵੇਂ ਵਿਅਕਤੀ ਕੈਸ਼ ਸੰਬੰਧੀ ਕੋਈ ਬੈਂਕ ਰਸੀਦ ਜਾਂ ਕੋਈ ਹੋਰ ਕਾਗਜ਼ਾਤ ਨਹੀਂ ਦਿਖਾ ਸਕੇ, ਜਿਸ ਕਾਰਨ ਪੁਲਸ ਨੇ ਕੈਸ਼ ਨੂੰ ਕਬਜ਼ੇ ’ਚ ਲੈ ਕੇ ਕੇਸ ਦੀ ਅਗਲੀ ਜਾਂਚ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੀ ਸੀ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਪੁੱਜਣ ਤੱਕ ਕੈਸ਼ ਨੂੰ ਪੁਲਸ ਨੇ ਸਿਟੀ ਥਾਣਾ 2 ਦੇ ਮਾਲਖਾਨੇ ’ਚ ਰੱਖ ਲਿਆ ਸੀ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਖੰਨਾ ਪੁਲਸ ਵੱਡੀ ਗਿਣਤੀ ’ਚ ਕੈਸ਼ ਬਰਾਮਦ ਕਰ ਚੁੱਕੀ ਹੈ।