ਰੇਡ ਕਰਨ ਗਈ ਪੁਲਸ ਪਾਰਟੀ ’ਤੇ ਹਮਲਾ, ਮਾਰੇ ਇੱਟਾਂ-ਰੋੜੇ

Wednesday, May 10, 2023 - 04:03 PM (IST)

ਬਟਾਲਾ (ਸਾਹਿਲ) : ਬੀਤੀ ਦੇਰ ਰਾਤ ਪਿੰਡ ਚੈਨੇਵਾਲ ਵਿਖੇ ਰੇਡ ਕਰਨ ਗਈ ਪੁਲਸ ਪਾਰਟੀ ’ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰਦਿਆਂ ਮਹਿਲਾ ਕਾਂਸਟੇਬਲ ਸਮੇਤ 3 ਪੁਲਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਦੇਰ ਰਾਤ 10 ਵਜੇ ਦੇ ਕਰੀਬ ਸੀ. ਏ. ਐੱਸ. ਓ. ਆਪ੍ਰੇਸ਼ਨ ਦੇ ਸਬੰਧ ’ਚ ਰਵਾਨਾ ਹੋਏ ਸੀ ਕਿ ਗੁਪਤ ਸੂਚਨਾ ਮਿਲੀ ਕਿ ਹੀਰਾ ਮਸੀਹ ਪੁੱਤਰ ਸ਼ਿੰਗਾਰਾ ਮਸੀਹ ਵਾਸੀ ਚੈਨੇਵਾਲ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਜਿਸ ’ਤੇ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਪਾਰਟੀ ਸਮੇਤ ਉਕਤ ਵਿਅਕਤੀ ਦੇ ਘਰ ਰੇਡ ਕੀਤੀ ਤਾਂ ਉਹ ਇਕ ਕੈਨੀ ਅਤੇ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਗਾਹਕਾਂ ਦੀ ਉਡੀਕ ਕਰ ਰਿਹਾ ਸੀ, ਜਿਸ ਨੂੰ ਪੁਲਸ ਮੁਲਾਜ਼ਮਾਂ ਨੇ ਕਾਬੂ ਕਰ ਲਿਆ ਅਤੇ ਬਰਾਮਦ ਨਾਜਾਇਜ਼ ਸ਼ਰਾਬ ਦੀ ਮਿਣਤੀ ਕਰਨ ਲਈ ਪੁਲਸ ਪਾਰਟੀ ਪ੍ਰਬੰਧ ਕਰ ਰਹੀ ਸੀ ਕਿ ਗੁਲਜ਼ਾਰ ਮਸੀਹ ਪੁੱਤਰ ਹਰਨਾਮ ਮਸੀਹ ਨੇ ਕਿਹਾ ਕਿ ਸਾਡੇ ਪਿੰਡ ਰੇਡ ਕਰਕੇ ਸਾਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਇਨ੍ਹਾਂ ਨੂੰ ਮਜ਼ਾ ਚਿਖਾ ਦਿਓ, ਜਿਸ ’ਤੇ ਗੁਲਜ਼ਾਰ ਮਸੀਹ ਸਮੇਤ ਤੋਸ਼ੀ ਪਤਨੀ ਦਾਨੀ ਮਸੀਹ, ਦਾਨੀ ਮਸੀਹ ਪੁੱਤਰ ਹਰਨਾਮ ਮਸੀਹ, ਬੇਵੀ ਪਤਨੀ ਜੱਸਾ ਮਸੀਹ, ਦੇਬਾ ਪੁੱਤਰ ਬਾਦਲ, ਸੰਨੀ ਪੁੱਤਰ ਗੁਲਜ਼ਾਰ ਮਸੀਹ ਤੇ ਰੰਗਾ ਪੁੱਤਰ ਬਾਦਲ ਵਾਸੀਆਨ ਚੈਨੇਵਾਲ ਸਮੇਤ ਅਣਪਛਾਤੇ ਵਿਅਕਤੀਆਂ ਨੇ ਕੋਠੇ ’ਤੇ ਚੜ੍ਹ ਕੇ ਇਕ ਸਲਾਹ ਹੋ ਕੇ ਮਾਰ ਦੇਣ ਦੀ ਨੀਅਤ ਨਾਲ ਕਿਰਪਾਨਾਂ ਅਤੇ ਦਾਤਰਾਂ ਨਾਲ ਲੈਸ ਹੋ ਕੇ ਪੁਲਸ ਪਾਰਟੀ ਨੂੰ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਕਾਬੂ ਕੀਤੇ ਵਿਅਕਤੀ ਹੀਰਾ ਮਸੀਹ ਨੂੰ ਹਿਰਾਸਤ ਵਿਚੋਂ ਛੁਡਾ ਲਿਆ। 

ਐੱਸ. ਐੱਚ. ਓ. ਨੇ ਦੱਸਿਆ ਕਿ ਇਸੇ ਦੌਰਾਨ ਪੁਲਸ ਪਾਰਟੀ ਵਿਚ ਸ਼ਾਮਲ ਕਾਂਸਟੇਬਲ ਜਤਿੰਦਰ ਸਿੰਘ ਸਮੇਤ ਕਾਂਸਟੇਬਲ ਮਨਪ੍ਰੀਤ ਸਿੰਘ ਅਤੇ ਲੇਡੀ ਕਾਂਸਟੇਬਲ ਕਵਿਤਾ ਜ਼ਖਮੀ ਹੋ ਗਏ। ਇਸ ਦੌਰਾਨ ਪੁਲਸ ਮੁਲਾਜ਼ਮਾਂ ਨੇ ਆਪਣੇ ਬਚਾਅ ਲਈ ਹਵਾਈ ਫਾਇਰ ਕੀਤੇ, ਜਿਸ ’ਤੇ ਜ਼ਖਮੀ ਪੁਲਸ ਮੁਲਾਜ਼ਮਾਂ ਨੂੰ ਸੀ.ਐੱਚ.ਸੀ ਡੇਰਾ ਬਾਬਾ ਨਾਨਕ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਅਤੇ ਮੌਕੇ ਤੋਂ ਬਰਾਮਦ ਕੀਤੀ ਸ਼ਰਾਬ ਦੀ ਮਿਣਤੀ ਕਰਨ ’ਤੇ 9 ਬੋਤਲਾਂ ਹੋਈ। ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਉਕਤ 8 ਜਣਿਆਂ ਸਮੇਤ ਕੁਝ ਅਣਪਛਾਤਿਆਂ ਖਿਲਾਫ ਮੁਕੱਦਮਾ ਵੱਖ-ਵੱਖ ਧਾਰਾ ਅਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।


Gurminder Singh

Content Editor

Related News