ਨਾਜਾਇਜ਼ ਕੁੱਟਮਾਰ ਦੇ ਸ਼ਿਕਾਰ ਵਿਅਕਤੀ ਨੇ ਪੁਲਸ ''ਤੇ ਸੁਣਵਾਈ ਨਾ ਕਰਨ ਦਾ ਲਾਇਆ ਦੋਸ਼

Friday, Sep 08, 2017 - 10:53 AM (IST)

ਨਾਜਾਇਜ਼ ਕੁੱਟਮਾਰ ਦੇ ਸ਼ਿਕਾਰ ਵਿਅਕਤੀ ਨੇ ਪੁਲਸ ''ਤੇ ਸੁਣਵਾਈ ਨਾ ਕਰਨ ਦਾ ਲਾਇਆ ਦੋਸ਼

ਪਟਿਆਲਾ (ਜਤਿੰਦਰ) - ਪਿੰਡ ਵੱਡੀ ਰੌਣੀ ਵਾਸੀ ਯਾਦਵਿੰਦਰ ਸਿੰਘ ਨੇ ਕੁੱਝ ਵਿਅਕਤੀਆਂ 'ਤੇ ਨਾਜਾਇਜ਼ ਕੁੱਟਮਾਰ ਕਰਨ ਅਤੇ ਪੁਲਸ ਵੱਲੋਂ ਸੁਣਵਾਈ ਨਾ ਕਰਨ ਦਾ ਦੋਸ਼ ਲਾਇਆ ਹੈ। ਇਸ ਕੁੱਟਮਾਰ ਵਿਚ ਯਾਦਵਿੰਦਰ ਸਿੰਘ ਦਾ ਗੁੱਟ ਟੁੱਟ ਗਿਆ ਸੀ, ਜਿਸ ਕਾਰਨ ਉਸ ਦੇ ਹੁਣ ਪਲੱਸਤਰ ਲੱਗਾ ਹੋਇਆ ਹੈ।  ਇਸ ਸਬੰਧੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਕੁਝ ਵਿਅਕਤੀ ਉਨ੍ਹਾਂ ਦੇ ਪਲਾਟ ਦੀਆਂ ਕੰਧਾਂ ਢਾਹੁਣ ਲੱਗੇ। ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਨਹੀਂ ਰੁਕੇ। ਉਲਟਾ ਯਾਦਵਿੰਦਰ ਸਿੰਘ ਨਾਲ ਕੁੱਟਮਾਰ ਕੀਤੀ, ਜਿਸ ਵਿਚ ਉਹ ਜ਼ਖਮੀ ਹੋ ਗਿਆ। ਰਜਿੰਦਰਾ ਹਸਪਤਾਲ ਵਿਖੇ ਕੀਤੀਆਂ ਐਕਸਰੇ ਰਿਪੋਰਟਾਂ ਵਿਚ ਉਸ ਦੇ ਫਰੈਕਚਰ ਆਇਆ ਹੈ। ਇਸ ਸਬੰਧੀ ਪੁਲਸ ਚੌਕੀ ਸੈਂਚੁਰੀ ਇਨਕਲੇਵ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ। ਇਹ ਮਾਮਲਾ ਸੰਬੰਧਿਤ ਥਾਣਾ ਪਸਿਆਣਾ ਦੇ ਐੱਸ. ਐੱਚ. ਓ. ਦੇ ਧਿਆਨ ਵਿਚ ਵੀ ਹੈ ਅਤੇ ਐੱਸ. ਐੱਸ. ਪੀ. ਪਟਿਆਲਾ ਨੂੰ ਵੀ ਲਿਖਿਆ ਜਾ ਚੁੱਕਾ ਹੈ।
ਦੋ ਹਫਤੇ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਪੁਲਸ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਹੀ ਹੈ। ਪੀੜਤ ਯਾਦਵਿੰਦਰ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਮੰਗ ਕੀਤੀ ਹੈ ਕਿ ਦੋਸ਼ੀ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਦੋਂ ਸੈਂਚੁਰੀ ਇਨਕਲੇਵ ਚੌਕੀ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਲੇ ਤੱਕ ਮੈਡੀਕਲ ਰਿਪੋਰਟ ਨਹੀਂ ਪਹੁੰਚੀ। ਉਸ ਮੁਤਾਬਕ ਜੋ ਵੀ ਸੱਟਾਂ ਲੱਗੀਆਂ ਪਾਈਆਂ ਗਈਆਂ, ਦੇ ਆਧਾਰ 'ਤੇ ਪਰਚਾ ਦਰਜ ਕਰ ਕੇ ਕਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੈਸੇ ਦੋਵੇਂ ਧਿਰਾਂ ਦਾ ਪਲਾਟ ਦਾ ਝਗੜਾ ਹੈ।


Related News