ਕਵੀ ਸੁਰਜੀਤ ਪਾਤਰ ਨੇ ਸੰਸਥਾ ਨਾਲ ਮਿਲ ਕੇ ਲਾਂਚ ਕੀਤਾ ਟੀ ਵੀ. ਸਕੂਲ ਐਪ
Friday, Mar 09, 2018 - 05:10 PM (IST)
ਜਲੰਧਰ — ਕਵੀ ਸੁਰਜੀਤ ਪਾਤਰ ਨੇ ਟੀ. ਵੀ. ਸਕੂਲ ਫਾਊਂਡੇਸ਼ਨ ਦੇ ਪ੍ਰੋਫੈਸਰ ਸੁਖਪਾਲ ਔਜਲਾ ਨਾਲ ਮਿਲ ਕੇ ਟੀ. ਵੀ. ਸਕੂਲ ਐਪ ਲਾਂਚ ਕੀਤੀ, ਜੋ ਕਿ 9ਵੀਂ ਤੇ 12ਵੇਂ ਦੇ ਵਿਦਿਆਰਥੀਆਂ ਨੂੰ ਸੀਮਾਂਤ ਲਾਗਤ 'ਤੇ ਸਿੱਖਿਆ ਮੁਹੱਈਆ ਕਰਾਏਗੀ।
ਜ਼ਿਕਰਯੋਗ ਹੈ ਕਿ ਪਲਿਹਾਂ ਟੀ. ਵੀ. ਸਕੂਲ ਦੀ ਸ਼ੁਰੂਆਤ ਦੌਰਾਨ ਕੇਬਲ ਟੀ. ਵੀ. 'ਤੇ ਛੇ ਘੰਟੇ ਵਿਦਿਆਰਥੀਆਂ ਨੂੰ ਸਿੱਖਿਆ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਪਰ ਅੱਜ ਟੀ. ਵੀ. ਸਕੂਲ ਨਾਲ ਸੰਬੰਧਿਤ ਮੋਬਾਇਲ ਐਪ ਲਾਂਚ ਕੀਤੀ ਗਈ।
ਪ੍ਰੋਫੈਸਰ ਔਜਲਾ ਨੇ ਪੰਜਾਬ ਪ੍ਰੈਸ ਕਲਬ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਟੀ. ਵੀ. ਸਕੂਲ ਸੰਸਥਾਂ ਬੀਤੇ ਸਤੰਬਰ ਮਹੀਨੇ 'ਚ ਸ਼ੁਰੂ ਕੀਤੀ ਗਈ ਤੇ ਅਸੀਂ ਸਮਾਜ ਦੇ ਗਰੀਬ ਵਿਦਿਆਰਥੀਆਂ ਨੂੰ ਇਸ ਦਾ ਲਾਭ ਦੇਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਟੀ. ਵੀ. ਫਾਊਂਡੇਸ਼ਨ ਦਾ ਮੁੱਢਲਾ ਉਦੇਸ਼ ਵਿਦਿਆਰਥੀਆਂ ਨੂੰ ਬੁਨਿਆਦੀ ਸਿੱਖਿਆ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਟੀ. ਵੀ. ਸਕੂਲ ਦੇ ਨਾਂ ਨਾਲ ਚਲਾਇਆ ਜਾਣ ਵਾਲਾ ਚੈਨਲ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਮਕਸਦ ਸੂਬੇ ਦੀ ਸਿੱਖਿਆ ਪ੍ਰਣਾਲੀ 'ਚ ਅਮੀਰ ਗਰੀਬ, ਸ਼ਹਿਰੀ-ਦਿਹਾਤੀ ਵੰਡ ਨੂੰ ਖਤਮ ਕਰਨਾ ਹੈ, ਜਿਹੜਾ ਵਿਦਿਆਰਥੀਆਂ ਦੇ ਵਿਕਾਸ 'ਚ ਰੁਕਾਵਟ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜ੍ਹਾਅ 'ਚ 9ਵੀਂ ਤੇ 12ਵੀਂ ਤਕ ਦੇ ਵਿਦਿਆਰਥੀਆਂ ਨੂੰ ਅੰਗ੍ਰੇਜ਼ੀ,ਫਿਜ਼ਿਕਸ, ਕੈਮਿਸਟਰੀ ਤੇ ਗਣਿਤ ਵਿਸ਼ਿਆਂ ਨੂੰ ਅੰਗ੍ਰੇਜ਼ੀ ਤੇ ਪੰਜਾਬੀ ਦੋਵਾਂ ਭਾਸ਼ਾਵਾਂ 'ਚ ਸਿਖਾਇਆ ਜਾ ਰਿਹਾ ਹੈ ਤੇ ਵਿਦੇਸ਼ਾਂ 'ਚ ਜਾਣ ਦੇ ਇਛੁੱਕ ਵਿਦਿਆਰਥੀਆਂ ਲਈ ਆਈਲਜ਼ ਦੀਆਂ ਕਲਾਸਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਟੀ. ਵੀ. ਸਕੂਲ ਰਾਹੀਂ ਨੌਜਵਾਨਾਂ ਨੂੰ ਸੈਨਾ, ਬੈਂਕਾਂ, ਜਨਤਕ ਖੇਤਰ ਦੀਆਂ ਸੰਸਥਾਵਾਂ 'ਚ ਨੌਕਰੀਆਂ ਲਈ ਬਿਨੈ ਪੱਤਰ ਦੇਣ ਤੇ ਪ੍ਰੀਖਿਆਵਾਂ ਲਈ ਵੀ ਤਿਆਰ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਐੱਸ. ਸੀ. /ਬੀ. ਸੀ ਤੇ ਘੱਟ ਗਿਣਤੀ ਸਕਾਲਰਸ਼ਿਪਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਸੰਸਥਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਿਪੁੰਨ ਨਾਗਰਿਕਾਂ ਵਜੋਂ ਖੁਸ਼ਹਾਲ ਤੇ ਸਿਆਸੀ ਤੌਰ 'ਤੇ ਜਾਣੂ ਕਰਵਾਉਣਾ ਹੈ।
