PM ਮੋਦੀ ਕਾਸ਼ੀ ਨੂੰ ਦੇਣਗੇ ਪ੍ਰਾਜੈਕਟਾਂ ਦੀ ਸੌਗਾਤ (ਪੜੋ 12 ਨਵੰਬਰ ਦੀਆਂ ਖਾਸ ਖਬਰਾਂ)

11/12/2018 2:42:50 AM

ਜਲੰਧਰ (ਵੈਬ ਡੈਸਕ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਆਪਣੇ ਸੰਸਦੀ ਚੋਣ ਖੇਤਰ ਵਾਰਾਨਸੀ ਦੇ ਦੌਰੇ 'ਤੇ ਹਨ। ਉਹ ਕਾਸ਼ੀ ਵਾਸੀਆਂ ਨੂੰ ਢਾਈ ਹਜ਼ਾਰ ਕਰੋੜ ਰੁਪਏ ਪ੍ਰਾਜੈਕਟਾਂ ਦੀ ਸੌਗਾਤ ਦੇਣਗੇ। ਇਸ ਦੌਰਾਨ ਉਹ ਗੰਗਾ ਨਦੀ 'ਤੇ ਬਣੇ ਪਹਿਲੇ ਮਲਟੀ-ਮਾਡਲ ਟਰਮੀਨਲ ਦਾ ਉਦਘਾਟਨ ਵੀ ਕਰਨਗੇ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਟਰਮੀਨਲ ਜ਼ਰੀਏ 1500 ਤੋਂ 2000 ਟਨ ਦੇ ਵੱਡੇ ਜਹਾਜ਼ਾਂ ਦੀ ਵੀ ਆਵਾਜਾਈ ਮੁਮਕਿਨ ਹੋ ਸਕਦੀ ਹੈ।


ਧਾਰਮਿਕ ਨਗਰੀ ਕਾਸ਼ੀ 'ਚ ਮੋਦੀ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਲੋਕਾਂ ਨੂੰ ਦੀਵਾਲੀ ਦੇ ਤੋਹਫੇ ਦੇਣਗੇ, ਤਾਂ ਆਰ.ਐੱਸ.ਐੱਸ. ਪ੍ਰਮੁੱਖ ਮੋਹਨ ਭਾਗਵਤ ਆਉਣ ਵਾਲੀਆਂ ਲੋਕਸਭਾ ਚੋਣਾਂ ਦੀ ਰਣਨੀਤੀ ਅਤੇ ਸੰਗਠਨ ਦੀ ਭੂਮੀਕਾ ਤੈਅ ਕਰਨਗੇ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਪ੍ਰਮੁੱਖ ਮੋਹਨ ਭਾਗਵਤ ਨਾਲ ਅੱਜ ਕਾਸ਼ੀ 'ਚ ਹੋਣਗੇ। ਇਕ ਹੋਰ ਪ੍ਰੋਗਰਾਮ ਵਿਚ ਮੋਦੀ ਬਾਬਤਪੁਰ-ਵਾਰਾਨਸੀ ਹਵਾਈ ਅੱਡਾ ਮਾਰਗ ਅਤੇ ਵਾਰਾਨਸੀ ਰਿੰਗ ਰੋਡ ਦਾ ਦੇਸ਼ ਨੂੰ ਸਮਰਪਿਤ ਵੀ ਕਰਨਗੇ।

ਪੜੋ 12 ਨਵੰਬਰ ਦੀਆਂ ਖਾਸ ਖਬਰਾਂ-


ਅਮਿਤ ਸ਼ਾਹ ਹੋਣਗੇ ਛੱਤੀਸਗੜ੍ਹ ਦੌਰੇ 'ਤੇ


ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਅੱਜ ਛੱਤੀਸਗੜ੍ਹ ਦੇ 2 ਦਿਨਾਂ ਦੌਰੇ 'ਤੇ ਪਹੁੰਚਣਗੇ ਅਤੇ ਕਈ ਚੋਣਾਂਵੀ ਸਭਾਵਾਂ ਨੂੰ ਸੰਬੋਧਿਤ ਕਰਨਗੇ। ਅਮਿਤ ਸ਼ਾਹ ਉੱਥੋਂ ਪਾਮਗੜ੍ਹ ਵਿਧਾਨਸਭਾ ਦੇ ਸ਼ਿਵਰੀ ਨਾਰਾਇਨ ਲਈ ਰਵਾਨਾ ਹੋ ਜਾਣਗੇ।

ਚੋਣ ਕਮਿਸ਼ਨ ਕਰੇਗਾ ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ


ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਅੱਜ ਨੋਟੀਫਿਕੇਸ਼ਨ ਜਾਰੀ ਕਰੇਗਾ। ਇਹ ਗੱਲ ਮੁੱਖ ਚੋਣ ਅਧਿਕਾਰੀ ਰਜਨ ਕੁਮਾਰ ਨੇ ਸ਼ੁੱਕਰਵਾਰ ਨੂੰ ਕਹੀ। ਕੁਮਾਰ ਨੇ ਇੱਥੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਚੋਣਾਂ ਲਈ ਨੋਟੀਫਿਕੇਸ਼ਨ ਅੱਜ ਜਾਰੀ ਕੀਤੀ ਜਾਵੇਗੀ।


ਮੁੱਖ ਮੰਤਰੀ ਕੈਂਸਰ ਰੋਕਥਾਮ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ


ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੱਜ ਹੋਮੀ ਭਾਬਾ ਕੈਂਸਰ ਹਸਪਤਾਲ ਦੀ ਸੌ ਬਿਸਤਰਿਆਂ ਵਾਲੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ। ਸਿਵਲ ਹਸਪਤਾਲ ਸੰਗਰੂਰ ਦੇ ਕੈਂਪਸ ਵਿਚ ਸਥਿਤ ਇਸ ਇਮਾਰਤ ਵਿਚ ਅਤਿ-ਆਧੁਨਿਕ ਇਲਾਜ ਮਸ਼ੀਨਰੀ ਤੋਂ ਇਲਾਵਾ ਕੈਂਸਰ ਦੇ ਇਲਾਜ ਲਈ ਤਜਰਬੇਕਾਰ ਡਾਕਟਰਾਂ ਦੀ ਵੱਡੀ ਟੀਮ ਮੌਜੂਦ ਹੋਵੇਗੀ। ਕੈਬਨਿਟ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਮਾਰਤ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਪੰਜਾਬ ਵੱਲੋਂ ਮੂੰਹ ਦੇ ਕੈਂਸਰ, ਛਾਤੀ ਦੇ ਕੈਂਸਰ ਤੇ ਸਰਵਾਈਕਲ ਕੈਂਸਰ ਦੀ ਮੁੱਢਲੇ ਤੌਰ 'ਤੇ ਪਛਾਣ ਤੇ ਇਲਾਜ ਸਬੰਧੀ ਪ੍ਰੋਗਰਾਮ ਦੀ ਰਸਮੀ ਤੌਰ 'ਤੇ ਸ਼ੁਰੂਆਤ ਵੀ ਕੀਤੀ ਜਾਵੇਗੀ।

ਅਧਿਆਪਕ ਕਰਨਗੇ ਵਿਧਾਇਕਾਂ ਦਾ ਘਿਰਾਓ


ਬੀਤੀ 3 ਅਕਤੂਬਰ ਨੂੰ ਪੰਜਾਬ ਕੈਬਨਿਟ ਵੱਲੋਂ ਪਿਛਲੇ 10 ਸਾਲਾਂ ਤੋਂ ਠੇਕੇ 'ਤੇ ਕੰਮ ਕਰਦੇ 8886 ਐੱਸ. ਐੱਸ. ਏ./'ਰਮਸਾ' ਅਧਿਆਪਕਾਂ, ਆਦਰਸ਼ ਤੇ ਮਾਡਲ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਨ ਦੀ ਆੜ 'ਚ ਮੌਜੂਦਾ ਸਮੇਂ ਮਿਲ ਰਹੀਆਂ ਤਨਖਾਹਾਂ 'ਚ 65 ਤੋਂ 75 ਫੀਸਦੀ ਕਟੌਤੀ ਕਰਨ ਦੇ ਫੈਸਲੇ ਖਿਲਾਫ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਦਾ ਜਲਦ ਕੋਈ ਹੱਲ ਨਾ ਕੱਢਿਆ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਲਏ ਗਏ ਫੈਸਲੇ ਅਨੁਸਾਰ 12 ਤੇ 13 ਨਵੰਬਰ ਨੂੰ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ 18 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਸਿੱਖਿਆ ਮੰਤਰੀ ਓ. ਪੀ. ਸੋਨੀ ਅਤੇ ਬਠਿੰਡਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਘੇਰੀ ਜਾਵੇਗੀ। ਇਸ ਤੋਂ ਇਲਾਵਾ 14 ਨਵੰਬਰ ਨੂੰ ਭਾਰੀ ਗਿਣਤੀ 'ਚ ਅਧਿਆਪਕ ਹੁਸ਼ਿਆਰਪੁਰ ਤੋਂ ਪਟਿਆਲਾ ਵਿਖੇ ਚੱਲ ਰਹੇ ਪੱਕੇ ਮੋਰਚੇ ਵਿਚ ਸ਼ਾਮਲ ਹੋਣਗੇ।

ਛੱਤੀਸਗੜ੍ਹ 'ਚ ਨਕਸਲ ਪ੍ਰਭਾਵਿਤ 18 ਸੀਟਾਂ 'ਤੇ ਪੈਣਗੀਆਂ ਵੋਟਾਂ


ਛੱਤੀਸਗੜ੍ਹ ਵਿਚ ਪਹਿਲੇ ਪੜਾਅ ਲਈ ਨਕਸਲ ਪ੍ਰਭਾਵਿਤ ਇਲਾਕੇ ਦੀਆਂ 18 ਵਿਧਾਨ ਸਭਾ ਸੀਟਾਂ 'ਤੇ ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਸੋਮਵਾਰ ਨੂੰ ਵੋਟਾਂ ਪੈਣਗੀਆਂ। ਵੋਟਿੰਗ ਲਈ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਸੂਬੇ ਦੇ ਮੁੱਖ ਚੋਣ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਪਹਿਲੇ ਪੜਾਅ ਵਿਚ ਜਿਨ੍ਹਾਂ 18 ਸੀਟਾਂ 'ਤੇ ਵੋਟਿੰਗ ਹੋਣੀ ਹੈ।

ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰ ਸਕਦੇ ਨੇ ਅਜੈ ਚੌਟਾਲਾ


ਹਰਿਆਣਾ ਦੀ ਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੂੰ ਅੰਦਰੂਨੀ ਸਿਆਸੀ ਜੰਗ ਤੋਂ ਬਚਾਉਣ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਇਨੈਲੋ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਦੇ ਬੇਟੇ ਅਜੈ ਚੌਟਾਲਾ ਸੋਮਵਾਰ ਨੂੰ ਪ੍ਰਕਾਸ਼ ਸਿੰਘ ਬਾਦਲਾ ਨਾਲ ਚੰਡੀਗੜ੍ਹ ਵਿਚ ਮੁਲਾਕਾਤ ਕਰ ਸਕਦੇ ਹਨ, ਜਿਸ ਵਿਚ ਉਹ ਉਨ੍ਹਾਂ ਦੇ ਸਾਹਮਣੇ ਆਪਣਾ ਪੱਖ ਰੱਖਣਗੇ। ਅੱਜ ਹੋਣ ਵਾਲੀ ਬੈਠਕ ਨੂੰ ਲੈ ਕੇ ਇਸ ਗੱਲ ਦਾ ਖਦਸ਼ਾ ਵੀ ਲਾਇਆ ਜਾ ਰਿਹਾ ਹੈ ਕਿ ਮੁਲਾਕਾਤ ਲਈ ਅਭੈ ਚੌਟਾਲਾ ਨੂੰ ਵੀ ਚੰਡੀਗੜ੍ਹ ਬੁਲਾਇਆ ਜਾ ਸਕਦਾ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ


ਕ੍ਰਿਕਟ : ਬੰਗਲਾਦੇਸ਼ ਬਨਾਮ ਜ਼ਿੰਬਾਬਵੇ (ਦੂਸਰਾ ਟੈਸਟ, ਦੂਸਰਾ ਦਿਨ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਗੋਲਫ : ਟੂਰ ਆਫ ਯਾਰਕਸ਼ਾਇਰ-2018


Related News