ਪਤੰਗ ਉਡਾਉਂਦਿਆਂ 12 ਸਾਲਾ ਬੱਚੇ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਸੀ ਹਰਜੋਤ ਸਿੰਘ
Monday, Jan 12, 2026 - 04:45 PM (IST)
ਸੰਗਰੂਰ: ਸੰਗਰੂਰ ਦੇ ਪਿੰਡ ਤੁੰਗਾਂ ਵਿਚ ਇਕ ਬਹੁਤ ਹੀ ਮੰਦਭਾਗੀ ਅਤੇ ਦਰਦਨਾਕ ਘਟਨਾ ਵਾਪਰੀ ਹੈ, ਜਿੱਥੇ ਪਤੰਗ ਉਡਾਉਂਦੇ ਸਮੇਂ ਆਪਣੇ ਘਰ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ 12 ਸਾਲਾ ਹਰਜੋਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਬੱਚਾ ਛੇਵੀਂ ਕਲਾਸ ਵਿਚ ਪੜ੍ਹਦਾ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਬੀਤੇ ਕੱਲ੍ਹ 11 ਜਨਵਰੀ ਦੀ ਸ਼ਾਮ ਨੂੰ ਵਾਪਰੀ। ਹਰਜੋਤ ਆਪਣੀ ਤਿੰਨ ਮੰਜ਼ਿਲਾ ਕੋਠੀ ਦੀ ਛੱਤ 'ਤੇ ਪਤੰਗ ਉਡਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਤੀਜੀ ਮੰਜ਼ਿਲ 'ਤੇ ਲਿਫਟ ਵਾਲੀ ਜਗ੍ਹਾ 'ਤੇ ਲੱਗੀਆਂ ਗਰਿੱਲਾਂ ਕੋਲੋਂ ਪਤੰਗ ਉਡਾਉਂਦੇ ਸਮੇਂ ਉਹ ਅਚਾਨਕ ਹੇਠਾਂ ਜਾ ਡਿੱਗਿਆ।
ਹਾਦਸੇ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਹਰਜੋਤ ਨੂੰ ਸੰਗਰੂਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਅਮਰ ਹਸਪਤਾਲ ਲਈ ਰੈਫਰ ਕਰ ਦਿੱਤਾ, ਪਰ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ। ਅੱਜ ਬੱਚੇ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਪਤੰਗਬਾਜ਼ੀ ਦੇ ਸ਼ੌਕ ਕਾਰਨ ਪਰਿਵਾਰ ਦੇ ਇਕਲੌਤੇ ਚਿਰਾਗ ਦੇ ਬੁਝ ਜਾਣ ਕਾਰਨ ਪਿੰਡ ਅਤੇ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ। ਮ੍ਰਿਤਕ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰਾ ਪਿੰਡ ਇਸ ਦਰਦਨਾਕ ਹਾਦਸੇ ਕਾਰਨ ਡੂੰਘੇ ਸਦਮੇ ਵਿਚ ਹੈ।
