ਪਿੰਡ ਨਾਗੋਕੇ ਵਾਸੀ ਛੱਪਡ਼ ਓਵਰਫਲੋਅ ਹੋਣ ਕਰਕੇ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ

Tuesday, Jul 31, 2018 - 06:27 AM (IST)

ਵੈਰੋਵਾਲ,   (ਗਿੱਲ)-  ਬਲਾਕ ਖਡੂਰ ਸਾਹਿਬ ਦੇ ਸਭ ਤੋਂ ਵੱਡੇ ਅਤੇ ਇਤਿਹਾਸਕ ਪਿੰਡ ਨਾਗੋਕੇ ਜਿਸ ਪਿੰਡ ਤੋਂ ਵੱਡੇ -ਵੱਡੇ ਲੀਡਰ  ਪੈਦਾ ਹੋਏ ਸਨ ਪਰ ਅੱਜ ਇਸ ਪਿੰਡ ਦੇ ਇਤਿਹਾਸ ’ਤੇ ਲੀਡਰਾਂ ਵੱਲੋਂ ਝਾਤ ਮਾਰ ਕੇ ਵਿਕਾਸ ਦਾ ਹਿਸਾਬ ਲਾਇਆ ਜਾਵੇ ਤਾਂ ਬਿਲਕੁੱਲ ਨਾ ਦੇ ਬਰਾਬਰ ਜਾਪਦਾ ਹੈ। ਇਸ ਪਿੰਡ ਦੀ ਜੋ ਇਸ ਵੇਲੇ ਹਾਲਤ ਹੈ ਉਸਨੂੰ ਦੇਖ ਕੇ ਲੱਗਦਾ ਹੈ  ਕਿ ਪਿੰਡ ਨਾਗੋਕੇ ਵਿਕਾਸ ਪੱਖੋਂ ਕਾਫੀ ਪੱਛਡ਼ਿਆ ਹੋਇਆ ਹੈ। ਪਿੰਡ ਨਾਗੋਕੇ ਦੇ ਵਸਨੀਕ ਮਾ. ਅਮਰਜੀਤ ਸਿੰਘ, ਅਵਤਾਰ ਸਿੰਘ ਢੇਸੀ, ਕੈਪਟਨ ਕਰਨੈਲ ਸਿੰਘ, ਦਲਬੀਰ ਸਿੰਘ ਫੌਜੀ, ਇੰਸਪੈਕਟਰ ਰਘਬੀਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਦਿਨੀਂ ਥੋੜ੍ਹੇ ਜਿਹੇ ਮੀਂਹ ਕਾਰਨ ਪੱਤੀ ਜੱਸੋਕੇ ਦਾ ਛੱਪਡ਼ ਜੋ ਅਕਸਰ ਹੀ ਨੱਕੋ ਨੱਕ ਪਾਣੀ ਨਾਲ ਭਰਿਆ ਰਹਿੰਦਾ ਹੈ। ਉਸਦੇ ਓਵਰਫਲੋਅ ਹੋਣ ਕਰਕੇ ਨਾਲ ਲੱਗਦੀਆਂ ਗਲੀਆਂ ਵਿਚ ਗੰਦਾ ਪਾਣੀ ਭਰ ਗਿਆ ਹੈ ਅਤੇ ਨਾਲ ਲੱਗਦੇ ਘਰਾਂ ਵਾਲਿਆਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਸਕੂਲ ਜਾਣ ਅਤੇ ਇਸ ਗਲੀ ਦੇ ਨਜ਼ਦੀਕ ਪੈਂਦੇ  ਗੁਰਦੁਆਰਾ ਸਾਹਿਬ ਵੀ ਲੋਕਾਂ ਨੂੰ ਜਾਣ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪੈਦਲ ਚੱਲ ਕੇ ਲੰਘਣ ਵਾਲੇ ਰਾਹਗੀਰ ਤਾਂ ਆਪਣੀਆਂ ਜੁੱਤੀਆਂ ਉਤਾਰ ਕੇ ਲੰਘਣ ਨੂੰ ਮਜਬੂਰ ਹਨ। ਕਈ ਵਾਰ ਤਾਂ ਬੱਚੇ ਇਥੇ ਡਿੱਗ ਵੀ ਜਾਂਦੇ ਹਨ। ਜਿੱਥੇ ਇਹ ਗੰਦਾ ਪਾਣੀ ਲੋਕਾਂ ਲਈ ਆਵਾਜਾਈ ਵਿਚ ਮੁਸੀਬਤ ਬਣਿਆ ਹੋਇਆ ਹੈ ਉਥੇ ਨਾਲ ਹੀ ਇਸ ਗੰਦੇ ਅਤੇ ਬਦਬੂ ਮਾਰਦੇ ਪਾਣੀ ਨਾਲ ਕਈ ਭਿਆਨਕ ਬੀਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ। ਇਸ ਮੌਕੇ ਪਿੰਡ ਵਾਸੀਆਂ ਜ਼ਿਲਾ ਤਰਨਤਾਰਨ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਇਸ ਛੱਪਡ਼ ਦਾ ਤੁਰੰਤ ਕੋਈ ਹੱਲ ਕਰਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਦਿਵਾਈ ਜਾਵੇ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਸਤਨਾਮ ਸਿੰਘ, ਪਲਵਿੰਦਰ ਸਿੰਘ,ਗੁਰਵਿੰਦਰ ਸਿੰਘ, ਗਿਆਨ ਸਿੰਘ, ਮਾ. ਪ੍ਰਿਤਪਾਲ ਸਿੰਘ,ਅਮਰੀਕ ਸਿੰਘ ਆਦਿ ਮੌਜੂਦ ਸਨ।


Related News