ਪਿਟਬੁੱਲ ਕੁੱਤਾ ਘੁੰਮਾਉਣ ਤੋਂ ਮਨ੍ਹਾ ਕੀਤਾ ਤਾਂ ਬਜ਼ੁਰਗ ’ਤੇ ਤਾਣ ਦਿੱਤੀ ਪਿਸਤੌਲ

12/24/2022 12:15:46 PM

ਲੁਧਿਆਣਾ (ਰਾਜ) : ਘਰ ਦੇ ਬਾਹਰ ਪਿਟਬੁੱਲ ਕੁੱਤਾ ਘੁੰਮਾ ਰਹੇ ਵਿਅਕਤੀ ਨੂੰ ਰੋਕਣਾ ਬਜ਼ੁਰਗ ਨੂੰ ਮਹਿੰਗਾ ਪੈ ਗਿਆ। ਵਿਅਕਤੀ ਨੇ ਪਿਸਤੌਲ ਕੱਢ ਕੇ ਉਸ ’ਤੇ ਤਾਣ ਦਿੱਤੀ ਅਤੇ ਧਮਕਾਉਣ ਲੱਗ ਗਿਆ। ਇਸੇ ਦੌਰਾਨ ਬਜ਼ੁਰਗ ਦੇ ਪੁੱਤਰ ਨੇ ਆ ਕੇ ਰੌਲਾ ਪਾ ਦਿੱਤਾ ਅਤੇ ਮੁਲਜ਼ਮ ਭੱਜ ਗਿਆ। ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲਸ ਨੇ ਪਿਆਰਾ ਸਿੰਘ ਦੀ ਸ਼ਿਕਾਇਤ ’ਤੇ ਉਸ ਦੇ ਗੁਆਂਢੀ ਇੰਦਰਦੀਪ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਸ਼ਿਕਾਇਤ ’ਚ ਪਿਆਰਾ ਸਿੰਘ ਨੇ ਦੱਸਿਆ ਕਿ ਇੰਦਰਦੀਪ ਸਿੰਘ ਉਸ ਦਾ ਗੁਆਂਢੀ ਹੈ। ਉਸ ਕੋਲ ਪਿਟਬੁੱਲ ਕੁੱਤਾ ਹੈ ਅਤੇ ਉਹ ਘਰ ਦੇ ਬਾਹਰ ਘੁੰਮਾ ਰਿਹਾ ਸੀ। ਇਸੇ ਦੌਰਾਨ ਮੁਲਜ਼ਮ ਕੁੱਤਾ ਲੈ ਕੇ ਉਨ੍ਹਾਂ ਦੇ ਘਰ ਦੇ ਅੱਗੇ ਆ ਗਿਆ ਅਤੇ ਕੁੱਤਾ ਨੂੰ ਉੱਥੇ ਪਿਸ਼ਾਬ ਕਰਵਾਉਣ ਲੱਗਾ। ਜਦੋਂ ਉਸ ਨੇ ਰੋਕਿਆ ਤਾਂ ਮੁਲਜ਼ਮ ਤੈਸ਼ ’ਚ ਆ ਗਿਆ। ਫਿਰ ਆਪਣੀ ਪਿਸਤੌਲ ਕੱਢ ਕੇ ਉਸ ਦੀ ਕੰਨਪੱਟੀ ’ਤੇ ਰੱਖ ਦਿੱਤੀ ਅਤੇ ਉਸ ਨੂੰ ਧਮਕਾਉਣ ਲੱਗ ਗਿਆ।

ਜਦੋਂ ਉਸ ਦੇ ਪੁੱਤਰ ਨੇ ਆ ਕੇ ਆਂਢ-ਗੁਆਂਢ ਨੂੰ ਇਕੱਠਾ ਕੀਤਾ ਤਾਂ ਮੁਲਜ਼ਮ ਫ਼ਰਾਰ ਹੋ ਗਿਆ। ਉੱਧਰ ਐੱਸ. ਐੱਚ. ਓ. ਗੁਰਪ੍ਰੀਤ ਸਿਘ ਦਾ ਕਹਿਣਾ ਹੈ ਕਿ ਸੂਚਨਾ ਤੋਂ ਬਾਅਦ ਪੁਲਸ ਮੌਕੇ ’ਤੇ ਪੁੱਜ ਗਈ, ਜਿਸ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਕੋਲੋਂ 315 ਬੋਰ ਦਾ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ। ਪੁਲਸ ਪਤਾ ਲਗਾ ਰਹੀ ਹੈ ਕਿ ਇਹ ਹਥਿਆਰ ਉਸ ਕੋਲ ਕਿਵੇਂ ਆਇਆ।
 


Babita

Content Editor

Related News