ਹੁਣ ਲੁਧਿਆਣਾ ''ਚ ''ਪਿਟਬੁੱਲ'' ਦੀ ਅੱਤ, ਬੁਰੀ ਤਰ੍ਹਾਂ ਜਬਾੜੇ ''ਚ ਲਿਆ ਬੱਚਾ

Saturday, Feb 01, 2020 - 01:24 PM (IST)

ਹੁਣ ਲੁਧਿਆਣਾ ''ਚ ''ਪਿਟਬੁੱਲ'' ਦੀ ਅੱਤ, ਬੁਰੀ ਤਰ੍ਹਾਂ ਜਬਾੜੇ ''ਚ ਲਿਆ ਬੱਚਾ

ਲੁਧਿਆਣਾ (ਰਾਜ) : ਜਲੰਧਰ 'ਚ ਪਿਟਬੁੱਲ ਵਲੋਂ ਬੱਚੇ ਨੂੰ ਨੋਚੇ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਲੁਧਿਆਣਾ 'ਚ ਵੀ ਪਿਟਬੁੱਲ ਦੀ ਅੱਤ ਸਾਹਮਣੇ ਆਈ ਹੈ ਟਿੱਬਾ ਰੋਡ ਦੇ ਗੁਰਮੇਲ ਨਗਰ 'ਚ ਪਿਟਬੁੱਲ ਨੇ 10 ਸਾਲਾ ਬੱਚੇ ਨੂੰ ਬੁਰੀ ਤਰ੍ਹਾਂ ਆਪਣੇ ਜਬਾੜੇ 'ਚ ਲੈ ਲਿਆ। ਬੱਚੇ ਦੇ ਰੌਲਾ ਪਾਉਣ 'ਤੇ ਉਸ ਦੀ ਭੈਣ ਆ ਗਈ ਅਤੇ ਉਸ ਨੇ ਪਿਟਬੁੱਲ ਦੇ ਸਿਰ 'ਤੇ ਜ਼ੋਰ ਨਾਲ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਪਿਟਬੁੱਲ ਨੇ ਬੱਚੇ ਨੂੰ ਛੱਡ ਦਿੱਤਾ ਪਰ ਇਸੇ ਦੌਰਾਨ ਉਸ ਨੇ ਬੱਚੇ ਦੀ ਬਾਂਹ ਅਤੇ ਲੱਤ ਨੋਚ ਦਿੱਤੀ ਸੀ ਅਤੇ ਉਸ ਨੇ ਬੱਚੇ ਦੀ ਛਾਤੀ 'ਤੇ ਜ਼ਖਮ ਕਰ ਦਿੱਤੇ ਸਨ।

ਮਾਂ ਅਤੇ ਗੁਆਂਢੀ ਬੱਚੇ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਲੈ ਕੇ ਆਏ, ਜਿੱਥੇ ਬੱਚੇ ਦਾ ਇਲਾਜ ਚੱਲ ਰਿਹਾ ਹੈ। ਇਹ ਘਟਨਾ ਟਿੱਬਾ ਰੋਡ ਦੇ ਗੁਰਮੇਲ ਨਗਰ ਦੀ ਹੈ, ਜਿੱਥੇ 10 ਸਾਲਾ ਬੱਚਾ ਪ੍ਰਿੰਸ ਆਪਣੀ ਮਾਂ ਅਤੇ ਭੈਣ ਨਾਲ ਕਿਰਾਏ ਦੇ ਘਰ 'ਚ ਰਹਿੰਦਾ ਹੈ। ਉਸੇ ਘਰ ਦੀ ਪਹਿਲੀ ਮੰਜ਼ਿਲ 'ਤੇ ਦੂਜੇ ਕਿਰਾਏਦਾਰ ਰਹਿੰਦੇ ਹਨ, ਜਿਨ੍ਹਾਂ ਨੇ ਪਿਟਬੁੱਲ ਪਾਲਿਆ ਹੋਇਆ ਹੈ। ਸ਼ਾਮ ਨੂੰ ਪ੍ਰਿੰਸ ਖੇਡ ਰਿਹਾ ਸੀ। ਇਸੇ ਦੌਰਾਨ ਪਿਟਬੁੱਲ ਪਹਿਲੀ ਮੰਜ਼ਿਲ ਤੋਂ ਥੱਲੇ ਆ ਗਿਆ ਅਤੇ ਪ੍ਰਿੰਸ ਨੂੰ ਫੜ੍ਹ ਲਿਆ। ਕੁੱਤੇ ਦੇ ਫੜ੍ਹਨ ਤੋਂ ਬਾਅਦ ਪ੍ਰਿੰਸ ਜ਼ੋਰ-ਜ਼ੋਰ ਨਾਲ ਚੀਕਣ ਲੱਗਾ। ਉਸ ਦਾ ਰੌਲਾ ਸੁਣ ਕੇ ਸਭ ਤੋਂ ਪਹਿਲਾਂ ਉਸ ਦੀ ਭੈਣ ਆਈ। ਭੈਣ ਨੇ ਕੋਲ ਹੀ ਪਿਆ ਡੰਡਾ ਚੁੱਕਿਆ ਅਤੇ ਕੁੱਤੇ ਦੇ ਸਿਰ 'ਤੇ ਮਾਰਨਾ ਸ਼ੁਰੂ ਕਰ ਦਿੱਤਾ।

ਆਲੇ-ਦੁਆਲੇ ਦੇ ਲੋਕ ਅਤੇ ਬਾਕੀ ਕਿਰਾਏਦਾਰ ਵੀ ਆ ਗਏ। ਇਸੇ ਦੌਰਾਨ ਕੁੱਤਾ ਬੱਚੇ ਨੂੰ ਛੱਡ ਕੇ ਪਹਿਲੀ ਮੰਜ਼ਿਲ 'ਤੇ ਚਲਾ ਗਿਆ। ਜੇਕਰ ਸਮਾਂ ਰਹਿੰਦੇ ਬੱਚੇ ਦੀ ਭੈਣ ਨਾ ਆਉਂਦੀ ਤਾਂ ਕੁੱਤਾ ਬੱਚੇ ਦਾ ਜ਼ਿਆਦਾ ਨੁਕਸਾਨ ਕਰ ਸਕਦਾ ਸੀ। ਇਸ ਤੋਂ ਬਾਅਦ ਗੁਆਂਢ 'ਚ ਕਰਿਆਨਾ ਸਟੋਰ ਚਲਾਉਣ ਵਾਲੇ ਬਲਬੀਰ ਪੁੱਜਾ ਅਤੇ ਉਹ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਲੈ ਆਇਆ। ਬਲਬੀਰ ਅਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਨੇ ਦੱਸਿਆ ਕਿ ਪਿਟਬੁੱਲ ਕੁੱਤਾ ਪਹਿਲਾਂ ਵੀ ਇਕ ਕੁੜੀ ਨੂੰ ਵੱਢ ਚੁੱਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਖਤਰਨਾਕ ਕੁੱਤਾ ਮੁਹੱਲੇ 'ਚ ਨਹੀਂ ਹੋਣਾ ਚਾਹੀਦਾ।


author

Babita

Content Editor

Related News