ਪਿਸਤੌਲ ਦੀ ਨੋਕ ''ਤੇ ਖੋਹੀ ਕਾਰ ਲੁਧਿਆਣਾ ਦੇ ਪਿੰਡ ਹੀਰਾ ''ਚੋਂ ਬਰਾਮਦ

11/20/2017 11:53:36 AM

ਖਰੜ (ਰਣਬੀਰ)-ਬੀਤੀ 14-15 ਨਵੰਬਰ ਦੀ ਅੱਧੀ ਰਾਤ ਨੂੰ ਸਥਾਨਕ ਸੰਨੀ ਇਨਕਲੇਵ ਜਲਵਾਯੂ ਟਾਵਰ ਨੇੜੇ ਰੋਹਿਤ ਜੈਨ ਨਾਂ ਦੇ ਵਿਅਕਤੀ ਤੋਂ ਗੰਨ ਪੁਆਇੰਟ 'ਤੇ ਲੁਟੇਰਿਆ ਵਲੋਂ ਖੋਹੀ ਉਸਦੀ ਵਰਨਾ ਕਾਰ ਜ਼ਿਲਾ ਲੁਧਿਆਣਾ ਦੇ ਪਿੰਡ ਹੀਰਾ 'ਚੋਂ ਲਾਵਾਰਿਸ ਹਾਲਤ 'ਚ ਮਿਲੀ ਹੈ। ਐੱਸ. ਐੱਚ. ਓ. ਸਦਰ ਐੱਸ. ਆਈ. ਭਗਵੰਤ ਸਿੰਘ ਨੇ ਦੱਸਿਆ ਕਿ ਕਾਰ ਸਵਾਰ 3 ਵਿਅਕਤੀ ਮੋਹਾਲੀ ਏਅਰਪੋਰਟ ਰੋਡ ਤੋਂ ਰੋਹਿਤ ਦੇ ਪਿੱਛੇ ਲੱਗੇ ਸਨ ਤੇ ਘਟਨਾ ਵਾਲੀ ਥਾਂ 'ਤੇ ਪੁੱਜਦਿਆਂ ਹੀ ਲੁਟੇਰੇ ਪਿਸਤੌਲ ਦੀ ਨੋਕ 'ਤੇ ਇਹ ਕਾਰ ਖੋਹ ਕੇ ਫਰਾਰ ਹੋ ਗਏ ਸਨ।
ਜਾਣਕਾਰੀ ਮੁਤਾਬਿਕ ਲੁਟੇਰੇ ਕਾਰ ਲੈ ਕੇ ਲੁਧਿਆਣਾ ਵੱਲ ਜਾ ਰਹੇ ਸਨ ਤੇ ਪਿੰਡ ਕਟਾਣੀ ਨੇੜੇ ਪੁੱਜਣ 'ਤੇ ਉਨ੍ਹਾਂ ਉਥੇ ਇਕ ਪੈਟਰੋਲ ਪੰਪ ਤੋਂ ਕਾਰ 'ਚ ਪੈਟਰੋਲ ਦੀ ਥਾਂ ਡੀਜ਼ਲ ਪੁਆ ਲਿਆ, ਜਿਸ ਨਾਲ ਕਾਰ ਦੇ ਇੰਜਣ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਮਜਬੂਰਨ ਲੁਟੇਰਿਆਂ ਨੂੰ ਕਾਰ ਉਥੇ ਹੀ ਛੱਡ ਕੇ ਭੱਜਣਾ ਪਿਆ, ਜਿਸ ਨੂੰ ਬਾਅਦ ਵਿਚ ਸਬੰਧਤ ਪੁਲਸ ਨੇ ਲਾਵਾਰਿਸ ਹਾਲਤ 'ਚ ਬਰਾਮਦ ਕਰਕੇ ਖਰੜ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਨੇ ਕਾਰ 'ਚੋਂ ਰੋਹਿਤ ਦਾ ਲੈਪਟਾਪ ਵੀ ਬਰਾਮਦ ਕਰ ਲਿਆ ਤੇ ਉਪਰੋਕਤ ਪੈਟਰੋਲ ਪੰਪ 'ਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਮੁਤਾਬਿਕ ਲੁਟੇਰਿਆਂ ਦਾ ਪਤਾ ਲਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News