ਪਿਸਤੌਲ, ਮੈਗਜ਼ੀਨਾਂ ਅਤੇ ਰੌਂਦ ਬਰਾਮਦ, ਕਾਰ ਸਵਾਰ 2 ਨੌਜਵਾਨਾਂ ਸਮੇਤ 3 ਗ੍ਰਿਫਤਾਰ

Tuesday, May 28, 2024 - 05:11 PM (IST)

ਪਿਸਤੌਲ, ਮੈਗਜ਼ੀਨਾਂ ਅਤੇ ਰੌਂਦ ਬਰਾਮਦ, ਕਾਰ ਸਵਾਰ 2 ਨੌਜਵਾਨਾਂ ਸਮੇਤ 3 ਗ੍ਰਿਫਤਾਰ

ਬਟਾਲਾ (ਸਾਹਿਲ, ਯੋਗੀ) : ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਪਿਸਤੌਲ, ਮੈਗਜ਼ੀਨਾਂ ਤੇ ਰੌਂਦ ਬਰਾਮਦ ਕਰਦਿਆਂ ਕਾਰ ਸਵਾਰ 2 ਨੌਜਵਾਨਾਂ ਸਮੇਤ 3 ਨੂੰ ਗ੍ਰਿਫਤਾਰ ਕਰਕੇ ਕਾਰ ਨੂੰ ਕਬਜ਼ੇ ਵਿਚ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਸੰਘੇੜਾ ਸਟੇਡੀਅਮ ਕੋਲ ਪਹੁੰਚੇ ਤਾਂ ਸਾਹਮਣਿਓਂ ਇਕ ਕਾਰ ਨੰ.ਪੀ.ਬੀ.32ਆਰ.7274 ਜਿਸ ਨੂੰ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਨੰਗਲ ਚਲਾ ਰਿਹਾ ਸੀ, ਨੂੰ ਆਉਂਦੇ ਦੇਖ ਸ਼ੱਕ ਦੇ ਆਧਾਰ ’ਤੇ ਰੋਕਿਆ ਅਤੇ ਕਾਰ ਵਿਚ ਨਾਲ ਦੀ ਸੀਟ ’ਤੇ ਬੈਠੇ ਨੌਜਵਾਨ ਲਵਜੋਤ ਸਿੰਘ ਵਾਸੀ ਨੰਗਲ ਦੀ ਪੁਲਸ ਮੁਲਾਜ਼ਮਾਂ ਵਲੋਂ ਤਲਾਸ਼ੀ ਲਈ ਗਈ।

ਤਲਾਸ਼ੀ ਲੈਣ ’ਤੇ ਉਕਤ ਕੋਲੋਂ ਇਕ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਜਿਸ ਨੂੰ ਅਣਲੋਡ ਕਰਨ ’ਤੇ 2 ਰੌਂਦ ਜ਼ਿੰਦਾ 32 ਬੋਰ ਬਰਾਮਦ ਹੋਏ ਜਦਕਿ ਕਾਰ ਦੀ ਤਲਾਸ਼ੀ ਲੈਣ ’ਤੇ ਡੈਸ਼ ਬੋਰਡ ਵਿਚੋਂ ਇਕ ਮੈਗਜ਼ੀਨ 32 ਬੋਰ ਬਰਾਮਦ ਹੋਇਆ। ਏ.ਐੱਸ.ਆਈ ਨੇ ਅੱਗੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਕੋਲੋਂ ਤਲਾਸ਼ੀ ਦੌਰਾਨ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ, ਜਿਸ ’ਤੇ ਇਨ੍ਹਾਂ ਦੋਵਾਂ ਖਿਲਾਫ ਮੁਕੱਦਮਾ ਨੰ.42 ਅਸਲਾ ਐਕਟ ਤਹਿਤ ਥਾਣਾ ਕਿਲਾ ਲਾਲ ਸਿੰਘ ਵਿਖੇ ਦਰਜ ਕੀਤਾ ਗਿਆ। ਥਾਣੇਦਾਰ ਇਕਬਾਲ ਸਿੰਘ ਨੇ ਅੱਗੇ ਦੱਸਿਆ ਕਿ ਉਕਤਾਨ ਦੀ ਪੁੱਛਗਿਛ ’ਤੇ ਜੋਬਨਪ੍ਰੀਤ ਸਿੰਘ ਵਾਸੀ ਰਾਏਚੱਕ ਨੂੰ ਉਕਤ ਮੁਕੱਦਮੇ ਵਿਚ ਦੋਸ਼ੀ ਨਾਮਜ਼ਦ ਕਰਦਿਆਂ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ।


author

Gurminder Singh

Content Editor

Related News